ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਅਜਿਹੇ ਵਿੱਚ ਸਤੰਬਰ ਮਹੀਨੇ ਮਗਰੋਂ ਪਹਿਲੀ ਵਾਰ 24 ਘੰਟੇ ਵਿੱਚ 57 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਜਦਕਿ 2,221 ਨਵੇਂ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ।
ਮੰਗਲਵਾਰ ਸਭ ਤੋਂ ਜ਼ਿਆਦਾ 13 ਮੌਤਾਂ ਇਕੱਲੇ ਜਲੰਧਰ ਵਿੱਚ ਹੋਈਆਂ ਜਦਕਿ 2021 ਵਿੱਚ ਇੱਕ ਦਿਨ 'ਚ 57 ਮੌਤਾਂ ਪਹਿਲੀ ਵਾਰ ਮੰਗਲਵਾਰ ਪੰਜਾਬ ਵਿੱਚ ਹੋਈਆਂ। ਪੰਜਾਬ ਵਿੱਚ ਹੁਣ ਤਕ 6,454 ਲੋਕ ਕੋਰੋਨਾ ਦੀ ਭੇਟ ਚੜ੍ਹ ਚੁੱਕੇ ਹਨ। ਇਸ ਦੇ ਨਾਲ ਹੀ ਲਾਗ ਦੀ ਗ੍ਰੋਥ 1.1 ਫੀਸਦ ਹੋ ਗਈ ਹੈ ਤੇ 3 ਫੀਸਦ ਮੌਤ ਦਰ ਨਾਲ ਪੰਜਾਬ ਦੇਸ਼ਭਰ ਚੋਂ ਪਹਿਲੇ ਨੰਬਰ ਤੇ ਹੈ।
ਪੰਜਾਬ 'ਚ ਕੁੱਲ 2,16,937 ਲੋਕ ਹੁਣ ਤਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 1,91,825 ਲੋਕ ਠੀਕ ਹੋ ਚੁੱਕੇ ਹਨ ਤੇ 19,384 ਮੀਰਜ਼ਾਂ ਦਾ ਇਲਾਜ ਚੱਲ ਰਿਹਾ ਹੈ। ਪੰਜਾਬ 'ਚ ਯੂਕੇ ਦੇ ਨਵੇਂ ਵਾਇਰਸ ਨਮੂਨੇ ਮਿਲਣ ਤੋਂ ਬਾਅਦ ਸਰਕਾਰ ਦੀ ਚਿੰਤਾ ਵਧ ਗਈ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਆਉਂਦੇ ਦਿਨਾਂ 'ਚ ਕੋਰੋਨਾ ਤੋਂ ਬਚਾਅ ਲਈ ਸਖਤੀ ਲਾਗੂ ਕੀਤੀ ਜਾ ਸਕਦੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਕਰੋਨਾ ਦੇ ਨਮੂਨਿਆਂ ’ਚ ਯੂਕੇ ਦਾ ਵਾਇਰਸ ਮਿਲਣ ਤੋਂ ਬਾਅਦ ਲੋਕਾਂ ਨੂੰ ਚੌਕਸ ਕੀਤਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਯੂਕੇ ਦੇ ਵਾਇਰਸ ਦੇ ਹਵਾਲੇ ਨਾਲ ਅਪੀਲ ਕੀਤੀ ਹੈ ਕਿ ਟੀਕਾਕਰਨ ਦਾ ਦਾਇਰਾ ਵਧਾ ਕੇ ਇਸ ’ਚ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਕਿਉਂਕਿ ਇਹ ਵਾਇਰਸ ਨੌਜਵਾਨਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਭਰ ’ਚੋਂ ਕਰੋਨਾ ਦੇ ਸਭ ਤੋਂ ਵੱਧ 75 ਫੀਸਦੀ ਐਕਟਿਵ ਕੇਸ ਮਹਾਰਾਸ਼ਟਰ, ਪੰਜਾਬ ਅਤੇ ਕੇਰਲਾ ਵਿਚ ਹਨ। ਨਵੇਂ ਕੇਸਾਂ ਦੀ ਵਾਧਾ ਦਰ ’ਚ ਪੰਜਾਬ ਦਾ ਦੇਸ਼ ਭਰ ’ਚੋਂ ਦੂਜਾ ਸਥਾਨ ਹੈ।