ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਕਰੋਨਾ ਦੇ 2,387 ਕੇਸ ਸਾਹਮਣੇ ਆਏ ਤੇ 32 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਇੱਕ ਦਿਨ ਦੌਰਾਨ ਕਰੋਨਾ ਕਾਰਨ ਹੁਸ਼ਿਆਰਪੁਰ ’ਚ 8, ਜਲੰਧਰ ’ਚ 6, ਅੰਮ੍ਰਿਤਸਰ ਤੇ ਲੁਧਿਆਣਾ ’ਚ 4-4, ਗੁਰਦਾਸਪੁਰ, ਰੋਪੜ ਤੇ ਨਵਾਂਸ਼ਹਿਰ ’ਚ 2-2, ਜਦਕਿ ਪਟਿਆਲਾ, ਸੰਗਰੂਰ, ਬਰਨਾਲਾ ਤੇ ਕਪੂਰਥਲਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਪੰਜਾਬ ਦੇ ਲੋਕਾਂ ਨੂੰ ਚੌਕਸ ਕਰਦਿਆਂ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਵੀਰਵਾਰ ਰਾਤ ਤੋਂ ਕਰਫਿਊ ਦਾ ਸਮਾਂ ਦੋ ਘੰਟੇ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਕਰਫਿਊ ਦਾ ਸਮਾਂ ਹੁਣ ਰਾਤ ਨੂੰ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ।
ਮੁੱਖ ਮੰਤਰੀ ਨੇ ਆਉਂਦੇ ਦਿਨਾਂ ’ਚ ਮੁੜ ਪਾਬੰਦੀਆਂ ਆਇਦ ਕਰਨ ਦੀ ਗੱਲ ਵੀ ਆਖੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ ਲਹਿਰ ਕਰਕੇ ਪੰਜਾਬ ਨਾਜ਼ੁਕ ਦੌਰ ਵਿਚ ਹੈ। ਇਸ ਵੇਲੇ ਪੰਜਾਬ ਦੇ ਨੌਂ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਸੌ ਤੋਂ ਵੱਧ ਕੋਵਿਡ-19 ਦੇ ਕੇਸ ਆ ਰਹੇ ਹਨ ਜਿਸ ਕਰਕੇ ਲੁਧਿਆਣਾ, ਜਲੰਧਰ, ਪਟਿਆਲਾ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਤੇ ਰੋਪੜ ਜ਼ਿਲ੍ਹਿਆਂ ਸਖਤੀ ਵਰਤੀ ਜਾ ਰਹੀ ਹੈ।
ਸਰਕਾਰ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੋਰ ਸਖਤੀ ਜੇ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ ਸਬੰਧੀ ਮਾਹਿਰਾਂ ਦੀ ਟੀਮ ਨਾਲ ਮਸ਼ਵਰਾ ਕਰਨ ਤੋਂ ਮਗਰੋਂ ਇਕੱਠਾਂ ’ਤੇ ਨਵੀਆਂ ਰੋਕਾਂ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਆਸੀ ਇਕੱਠਾਂ ’ਤੇ ਰੋਕ ਲਾਉਣ ਬਾਰੇ ਸਿਹਤ ਮਾਹਿਰਾਂ ਦੀ ਟੀਮ ਦੇ ਸਲਾਹ ਮਸ਼ਵਰੇ ਮਗਰੋਂ ਫੈਸਲਾ ਲਵਾਂਗੇ।
ਅਮਰਿੰਦਰ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਇਹ ਵੀ ਸਪੱਸ਼ਟ ਕੀਤਾ ਕਿ ਉਹ ਧਾਰਮਿਕ ਯਾਤਰਾਵਾਂ ’ਤੇ ਰੋਕ ਲਾਉਣ ਦੇ ਹੱਕ ਵਿੱਚ ਨਹੀਂ, ਪਰ ਕੋਵਿਡ-19 ਨੂੰ ਕੰਟਰੋਲ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਤੀਰਥ ਯਾਤਰਾ ਤੇ ਧਾਰਮਿਕ ਮਕਸਦ ਲਈ ਹਿਮਾਚਲ ਜਾਣ ਵਾਲੇ ਪੰਜਾਬੀਆਂ ’ਤੇ ਪਾਬੰਦੀ ਲਗਾਏ ਜਾਣ ਬਾਰੇ ਕੋਈ ਰਸਮੀ ਪੱਤਰ ਪ੍ਰਾਪਤ ਨਹੀਂ ਹੋਇਆ ਪਰ ਜੇ ਕੋਈ ਪੱਤਰ ਮਿਲਿਆ ਤਾਂ ਉਸ ਮਗਰੋਂ ਫੈਸਲਾ ਲੈਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ ਉਹ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨਾਸਾਜ਼ ਹੋਣ ’ਤੇ ਫੌਰੀ ਡਾਕਟਰ ਕੋਲ ਜਾਣ ਤੇ ਟੈਸਟ ਕਰਾਉਣ ਕਿਉਂਕਿ ਬਹੁਤੇ ਲੋਕ ਹਸਪਤਾਲ ਜਾਣ ਵਿੱਚ ਦੇਰੀ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕੋਵਿਡ ਨੇਮਾਂ ਦੀ ਉਲੰਘਣਾ ਲਈ ਜੁਰਮਾਨੇ ਆਦਿ ਦੀ ਰਾਸ਼ੀ ਵਧਾਉਣ ਦਾ ਵੀ ਇਸ਼ਾਰਾ ਕੀਤਾ।