ਚੰਡੀਗੜ੍ਹ: ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫੇਰ ਤੋਂ ਪੰਜਾਬ 'ਚ ਵਧ ਰਿਹਾ ਹੈ। ਪਿਛਲੇ ਸਾਢੇ 4 ਮਹੀਨਿਆਂ 'ਚ ਇੱਥੇ ਕੋਰੋਨਾ ਨਾਲ 113 ਮੌਤਾਂ ਹੋਈਆਂ ਹਨ।ਸ਼ਨੀਵਾਰ ਨੂੰ ਹੁਸ਼ਿਆਰਪੁਰ ਦੇ ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂ ਕਿ 274 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।
ਵੱਖ-ਵੱਖ ਜ਼ਿਲ੍ਹਿਆਂ 'ਚ 98 ਮਰੀਜ਼ ਆਕਸੀਜਨ ਸਪੋਰਟ 'ਤੇ ਹਨ, ਜਦਕਿ 32 ਮਰੀਜ਼ਾਂ ਨੂੰ ICU 'ਚ ਸ਼ਿਫਟ ਕੀਤਾ ਗਿਆ ਹੈ, 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਸੂਬੇ 'ਚ ਇਸ ਸਮੇਂ 2344 ਐਕਟਿਵ ਮਰੀਜ਼ ਹਨ।
ਸ਼ਨੀਵਾਰ ਨੂੰ ਮੁਹਾਲੀ 'ਚ 59, ਜਲੰਧਰ ਅਤੇ ਲੁਧਿਆਣਾ ਤੋਂ 34-34, ਬਠਿੰਡਾ 32, ਅੰਮ੍ਰਿਤਸਰ 23, ਹੁਸ਼ਿਆਰਪੁਰ 20 ਤੇ ਰੋਪੜ ਤੋਂ 16 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਸੂਬੇ 'ਚ ਸ਼ਨੀਵਾਰ ਨੂੰ 8913 ਸੈਂਪਲ ਜਾਂਚ ਲਈ ਭੇਜੇ ਗਏ। ਟੀਕਾਕਰਨ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਅੱਜ 7403 ਲੋਕਾਂ ਨੇ ਟੀਕਾਕਰਨ ਕਰਵਾਇਆ। ਇਨ੍ਹਾਂ 'ਚੋਂ 1100 ਲੋਕਾਂ ਨੇ ਪਹਿਲੀ, ਜਦਕਿ 6303 ਲੋਕਾਂ ਨੇ ਦੂਜੀ ਡੋਜ਼ ਲਗਵਾਈ।
ਪੰਜਾਬ ’ਚ ਦਿਨੋ-ਦਿਨ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤੀ ਵਧਾਉਂਦਿਆਂ ਇਹ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਅਨੁਸਾਰ ਹੁਣ ਪੰਜਾਬ ’ਚ ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ, ਇਨਡੋਰ ਅਤੇ ਆਊਟਡੋਰ ਮੀਟਿੰਗਾਂ, ਮਾਲਜ਼, ਜਨਤਕ ਥਾਵਾਂ 'ਤੇ ਮਾਸਕ ਪਹਿਨਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਦੇ ਨਾਲ ਹੀ ਭੀੜ ਵਾਲੀਆਂ ਥਾਵਾਂ ’ਤੇ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਾਰੇ ਨਾਗਰਿਕ ਜਲਦ ਤੋਂ ਜਲਦ ਵੈਕਸੀਨ ਦੀ ਦੂਜੀ ਡੋਜ਼ ਜਾਂ ਬੂਸਟਰ ਡੋਜ਼ ਲਗਵਾਉਣ। ਬੀਮਾਰੀ ਦੇ ਲੱਛਣ ਮਹਿਸੂਸ ਹੋਣ ’ਤੇ ਟੈਸਟ ਕਰਵਾਉਣ ਅਤੇ ਕੋਰੋਨਾ ਨਾਲ ਸਬੰਧਿਤ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਕੋਰੋਨਾ ਦੇ ਕੇਸ ਦੇਸ਼ ਭਰ ’ਚ ਮੁੜ ਵਧਣੇ ਸ਼ੁਰੂ ਹੋ ਗਏ ਹਨ ਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਹੀ ਕੁਝ ਦਿਨ ਪਹਿਲਾਂ ਦਿੱਲੀ ’ਚ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਕੋਰਾ ਕੋਵਿਡ ਦਿਸ਼ਾ-ਨਿਰਦੇਸ਼ਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਗੱਲ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਾਰੇ ਨਾਗਰਿਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਜਾਂ ਬੂਸਟਰ ਡੋਜ਼ ਜਲਦੀ ਤੋਂ ਜਲਦੀ ਲੈਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਲੱਛਣ ਮਹਿਸੂਸ ਹੋਣ 'ਤੇ ਟੈਸਟ ਕਰਵਾਉਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦੇ ਹੋਏ ਜਨਤਕ ਥਾਵਾਂ 'ਤੇ ਥੁੱਕਣ 'ਤੇ ਪਾਬੰਦੀ ਲਗਾਈ ਗਈ ਹੈ।