ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿੱਚ ਕਰਫਿਊ ਦੇ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 3 ਮਈ ਤੋਂ ਬਾਅਦ ਦੋ ਹਫ਼ਤਿਆਂ ਲਈ ਹੋਰ ਕਰਫਿਊ ਲਾਗੂ ਰਹੇਗਾ, ਪਰ ਵੀਰਵਾਰ ਤੋਂ ਲੌਕਡਾਊਨ ਦੌਰਾਨ ਆਇਦ ਪਾਬੰਦੀਆਂ ਵਿੱਚ ਚਾਰ ਘੰਟਿਆਂ ਲਈ ਛੋਟ ਦਿੱਤੀ ਜਾਵੇਗੀ। ਸੀਮਤ ਤੇ ਰੈੱਡ ਜ਼ੋਨਾਂ ਵਾਲੇ ਖੇਤਰਾਂ ਵਿੱਚ ਹਾਲਾਂਕਿ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਚਾਰ ਘੰਟੇ ਦੇ ਅਰਸੇ ਦੌਰਾਨ ਕਿਹੜੀਆਂ ਦੁਕਾਨਾਂ ਕਦੋਂ ਖੁੱਲ੍ਹਣਗੀਆਂ ਇਸ ਬਾਰੇ ਫੈਸਲਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਲੈਣਗੇ।
ਕੈਪਟਨ ਵੱਲੋਂ ਐਲਾਨੀ ਸੀਮਤ ਢਿੱਲ ਵਿੱਚ ਅੱਜ ਤੋਂ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ ਸਾਰੀਆਂ ਰਜਿਸਟਰਡ ਦੁਕਾਨਾਂ ਨੂੰ ਵਰਕਰਾਂ ਦੀ 50 ਫੀਸਦੀ ਗਿਣਤੀ ਨਾਲ ਸਵੇਰੇ 7 ਤੋਂ 11 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੈ। ਇਸ ਸਮੇਂ ਦੌਰਾਨ ਸ਼ਹਿਰੀ ਇਲਾਕਿਆਂ ਵਿੱਚ ਸਾਰੀਆਂ ਇਕੱਲੀਆਂ ਦੁਕਾਨਾਂ, ਨੇਬਰਹੁੱਡ ਸ਼ਾਪਜ਼ ਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਦੁਕਾਨਾਂ ਨੂੰ ਖੋਲ੍ਹਣ ਦੀ ਵੀ ਆਗਿਆ ਹੈ।
ਸੈਲੂਨ, ਹਜ਼ਾਮਤ ਕਰਨ ਵਾਲੀਆਂ ਦੁਕਾਨਾਂ ਆਦਿ ਸੇਵਾਵਾਂ ਬੰਦ ਰਹਿਣਗੀਆਂ। ਇਸੇ ਤਰ੍ਹਾਂ ਈ-ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਉਦਯੋਗ ਕਾਮਿਆਂ ਦੇ ਰਹਿਣ-ਸਹਿਣ ਦਾ ਬੰਦੋਬਸਤ ਕਰ ਸਕਣਗੇ, ਉਨ੍ਹਾਂ ਨੂੰ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ।