Punjab Coronavirus Update: ਪੰਜਾਬ 'ਚ ਇਕ ਵਾਰ ਫਿਰ ਕੋਰੋਨਾ ਵਧਣ ਲੱਗਾ ਹੈ। ਸੋਮਵਾਰ ਨੂੰ ਅਚਾਨਕ 29 ਨਵੇਂ ਮਰੀਜ਼ ਮਿਲੇ ਹਨ। ਕੋਰੋਨਾ ਕੇਸਾਂ 'ਚ ਇਹ ਵਾਧਾ ਪਿਛਲੇ 2 ਦਿਨਾਂ 'ਚ ਹੋਇਆ ਹੈ। 17 ਅਪ੍ਰੈਲ ਨੂੰ ਪੰਜਾਬ 'ਚ 55 ਐਕਟਿਵ ਕੇਸ ਸਨ ਜੋ 18 ਅਪ੍ਰੈਲ ਸ਼ਾਮ ਤਕ ਵਧ ਕੇ 75 ਹੋ ਗਏ ਹਨ।



ਇਸ ਦੌਰਾਨ ਕੋਰੋਨਾ ਦੀ ਸੰਕ੍ਰਮਣ ਦਰ ਵੀ 0.12% ਤੋਂ ਉਛਲ ਕੇ 0.45% ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਪਟਿਆਲਾ 'ਚ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਜਨਤਕ ਥਾਵਾਂ 'ਤੇ ਮਾਸਕ ਪਹਿਣਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ 'ਚ ਸੋਮਵਾਰ ਨੂੰ ਕੋਵਿਡ ਦੇ 4452 ਸੈਂਪਲ ਲਏ ਗਏ ਜਦਕਿ 6414 ਟੈਸਟ ਕੀਤੇ ਗਏ।

ਪੰਜਾਬ ਦੇ ਚਾਰ ਜ਼ਿਲ੍ਹਿਆਂ 'ਚ ਵੱਧ ਰਹੇ ਕੇਸ
ਪੰਜਾਬ ਦੇ ਚਾਰ ਜ਼ਿਲ੍ਹਿਆ 'ਚ ਕੋਰੋਨਾ ਦੇ ਕੇਸਾਂ 'ਚ ਉਛਾਲ ਆਇਆ ਹੈ। ਇਨ੍ਹਾਂ 'ਚੋਂ ਸੋਮਵਾਰ ਨੂੰ ਹੁਸ਼ਿਆਰਪੁਰ 'ਚ 10, ਲੁਧਿਆਣਾ 'ਚ 6, ਜਲੰਧਰ ਤੇ ਮੋਹਾਲੀ 'ਚ 4-4 ਕੇਸ ਸਾਹਮਣੇ ਆਏ ਹਨ।

ਪੰਜਾਬ 'ਚ ਹੁਣ ਤਕ 17,743 ਮੌਤਾਂ ਹੋ ਚੁੱਕੀਆਂ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਨਾਲ ਹੁਣ ਤਕ ਪੰਜਾਬ 'ਚ 17,743 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਹੁਣ ਤਕ 7 ਲੱਖ 59 ਹਜ਼ਾਰ 284 ਪਾਜ਼ੇਟਿਵ ਕੇਸ ਮਿਲੇ ਹਨ। ਜਿਨ੍ਹਾਂ 'ਚੋਂ 7 ਲੱਖ 41 ਹਜ਼ਾਰ 466 ਮਰੀਜ਼ ਠੀਕ ਹੋ ਚੁੱਕੇ ਹਨ। 


 


ਦੇਸ਼ ਅੰਦਰ ਨਵੇਂ ਕੇਸਾਂ 'ਚ 43 ਫੀਸਦੀ ਦੀ ਗਿਰਾਵਟ


Covid 19 Cases in India: ਕੋਰੋਨਾ ਵਾਇਰਸ ਦੇ ਮੋਰਚੇ 'ਤੇ ਦੇਸ਼ ਲਈ ਰਾਹਤ ਦੀ ਖ਼ਬਰ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1,247 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 2183 ਨਵੇਂ ਮਾਮਲੇ ਸਾਹਮਣੇ ਆਏ ਸੀਨ। ਯਾਨੀ ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ 43 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


ਸੋਮਵਾਰ ਨੂੰ ਕੋਰੋਨਾ ਦੇ ਮਾਮਲਿਆਂ ਵਿੱਚ 90 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਅੱਜ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 4,30,45,527 ਹੋ ਗਈ ਹੈ, ਜਦੋਂਕਿ ਐਕਟਿਵ ਕੇਸ ਵਧ ਕੇ 11,860 ਹੋ ਗਏ ਹਨ। ਦੇਸ਼ ਵਿੱਚ ਹੁਣ ਤੱਕ 5,21,966 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।