Corruption in Punjab! CM Bhagwant Mann's helpline number received 1.5 lakh complaints in a week
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਪੰਜਾਬ 'ਚ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ 9501200200 ਦੀ ਸ਼ੁਰੂਆਤ ਕੀਤੀ ਸੀ। ਇੱਕ ਹਫ਼ਤੇ 'ਚ ਹੀ ਇਸ ਹੈਲਪਲਾਈਨ 'ਤੇ ਭ੍ਰਿਸ਼ਟਾਚਾਰ ਦੀਆਂ 1 ਲੱਖ 52 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੰਜਾਬ ਦੇ ਲੋਕਾਂ ਨੇ ਵੀਡੀਓ ਤੇ ਆਡੀਓ ਰਾਹੀਂ ਭੇਜੀਆਂ ਹਨ। ਇੰਨੀਆਂ ਸ਼ਿਕਾਇਤਾਂ ਵੇਖ ਸਰਕਾਰ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ।
ਪਤਾ ਲੱਗ ਹੈ ਕਿ ਇਨ੍ਹਾਂ ਸ਼ਿਕਾਇਤਾਂ 'ਚੋਂ ਸਿਰਫ਼ ਦੋ 'ਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਐਫਆਈਆਰ ਜਲੰਧਰ ਰੇਂਜ ਦੇ ਵਿਜੀਲੈਂਸ ਥਾਣੇ 'ਚ ਦਰਜ ਕੀਤੀ ਗਈ ਹੈ, ਜਦਕਿ ਦੂਜੀ ਐਫਆਈਆਰ ਅੰਮ੍ਰਿਤਸਰ ਦੇ ਵਿਜੀਲੈਂਸ ਰੇਂਜ ਥਾਣੇ 'ਚ ਸੋਮਵਾਰ ਦੇਰ ਰਾਤ ਦਰਜ ਕੀਤੀ ਗਈ ਹੈ। ਬਾਕੀ ਸ਼ਿਕਾਇਤਾਂ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ।
ਦੱਸ ਦਈਏ ਕਿ ਜ਼ਿਆਦਾ ਸ਼ਿਕਾਇਤਾਂ ਪੁਲਿਸ ਤੇ ਮਾਲ ਵਿਭਾਗ ਦੀਆਂ ਆ ਰਹੀਆਂ ਹਨ। ਇਸ ਲਈ ਜਿਨ੍ਹਾਂ ਦੋ ਸ਼ਿਕਾਇਤਾਂ 'ਚ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ 'ਚ ਪਹਿਲੀ ਮਾਲ ਵਿਭਾਗ ਨਾਲ ਸਬੰਧਤ ਹੈ ਤੇ ਦੂਜੀ ਪੁਲਿਸ ਵਿਭਾਗ ਨਾਲ ਸਬੰਧਤ ਹੈ। ਇਸ ਹੈਲਪਲਾਈਨ 'ਤੇ 4 ਦਿਨ ਪਹਿਲਾਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਜਲੰਧਰ ਰੇਂਜ 'ਚ ਐਫਆਈਆਰ ਦਰਜ ਕਰਕੇ ਜਲੰਧਰ ਦੀ ਤਹਿਸੀਲ 'ਚ ਕੰਮ ਕਰਦੀ ਮਹਿਲਾ ਕਲਰਕ ਮੀਨੂੰ ਨੂੰ ਨੌਕਰੀ ਦਿਵਾਉਣ ਦੇ ਨਾਂ 'ਤੇ 4.80 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਦੂਜੇ ਪਾਸੇ ਸੋਮਵਾਰ ਦੇਰ ਰਾਤ ਅੰਮ੍ਰਿਤਸਰ ਰੇਂਜ ਦੇ ਏਐਸਆਈ ਗੁਰਦਾਸ ਸਿੰਘ, ਮੁੱਖ ਕਾਂਸਟੇਬਲ ਸੁਕੇਸ਼ ਕੁਮਾਰ, ਮੁੱਖ ਮੁਨਸ਼ੀ ਬਲਵਿੰਦਰ ਸਿੰਘ ਤੇ ਪੀਐਚਜੀ ਰਤਨ ਲਾਲ ਖ਼ਿਲਾਫ਼ ਥਾਣਾ ਝਬਾਲ 'ਚ ਦੂਜੀ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਏਐਸਆਈ ਗੁਰਦਾਸ ਸਿੰਘ ਤੇ ਮੁਨਸ਼ੀ ਬਲਵਿੰਦਰ ਸਿੰਘ ਨੂੰ ਵੀ ਵਿਜੀਲੈਂਸ ਟੀਮ ਨੇ ਕਾਬੂ ਕਰ ਲਿਆ ਹੈ। ਇਹ ਐਫਆਈਆਰ ਵਿਕਰਮਜੀਤ ਸਿੰਘ ਵਾਸੀ ਤਤਲੇ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ। 12 ਸਾਲ ਪਹਿਲਾਂ ਫਸੇ 6 ਲੱਖ ਰੁਪਏ ਵਾਪਸ ਕਰਵਾਉਣ ਦੇ ਨਾਂ 'ਤੇ ਇਸ ਮਾਮਲੇ 'ਚ ਰਿਸ਼ਵਤਖੋਰੀ ਦੀ ਖੇਡ ਖੇਡੀ ਗਈ।
ਇਸ ਹੈਲਪਲਾਈਨ 'ਤੇ ਆਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੁਹਾਲੀ ਨੂੰ ਮੁੱਖ ਦਫ਼ਤਰ ਬਣਾਇਆ ਗਿਆ ਹੈ, ਜਦਕਿ ਪੰਜਾਬ ਦੇ ਹੋਰ ਜ਼ਿਲ੍ਹੇ 7 ਰੇਂਜਾਂ 'ਚ ਵੰਡੇ ਹੋਏ ਹਨ। ਇਨ੍ਹਾਂ ਰੇਂਜਾਂ ਵਿੱਚ ਰੋਪੜ ਤੇ ਮੋਹਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਫ਼ਿਰੋਜ਼ਪੁਰ ਤੇ ਬਠਿੰਡਾ ਸ਼ਾਮਲ ਹਨ। ਜਿਹੜੇ ਵੀ ਵਿਭਾਗ ਨਾਲ ਸਬੰਧਤ ਸ਼ਿਕਾਇਤ ਆਵੇਗੀ, ਉਹ ਸਿੱਧੇ ਮੁਹਾਲੀ ਸਥਿਤ ਹੈੱਡਕੁਆਰਟਰ ਭੇਜੀ ਜਾਵੇਗੀ ਤੇ ਉਸ ਤੋਂ ਬਾਅਦ ਇਲਾਕੇ ਦੇ ਹਿਸਾਬ ਨਾਲ ਵਿਜੀਲੈਂਸ ਰੇਂਜ ਨੂੰ ਭੇਜਿਆ ਜਾਵੇਗਾ।
ਹਰੇਕ ਰੇਂਜ ਦੀ ਜ਼ਿੰਮੇਵਾਰੀ ਇਕ ਐਸਐਸਪੀ ਵਿਜੀਲੈਂਸ ਨੂੰ ਦਿੱਤੀ ਗਈ ਹੈ, ਜੋ ਆਪਣੀ ਰੇਂਜ 'ਚ ਕਿਸੇ ਵੀ ਵਿਭਾਗ ਦੇ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਉਸੇ ਰੇਂਜ 'ਚ ਬਣਾਈਆਂ ਗਈਆਂ ਟੀਮਾਂ ਉਸ ਸ਼ਿਕਾਇਤ ਦੀ ਤਸਦੀਕ ਕਰਨ ਤੋਂ ਲੈ ਕੇ ਡੂੰਘਾਈ ਨਾਲ ਜਾਂਚ ਕਰਨ ਅਤੇ ਫਿਰ ਐਫਆਈਆਰ ਦਰਜ ਕਰਨ ਤੱਕ ਕਾਰਵਾਈ ਕਰਦੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ ਨੇ ਰੂਸ 'ਚ ਰਹਿੰਦੇ ਆਪਣੇ ਨਾਗਰਿਕਾਂ ਨੂੰ ਦਿੱਤੀ ਵੱਡੀ ਚੇਤਾਵਨੀ, 'ਰੂਸ ਕਰ ਸਕਦਾ ਐਕਸ਼ਨ'