ਗੋਲਕ ਘੁਟਾਲੇ ’ਚ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਤਲਬ
ਏਬੀਪੀ ਸਾਂਝਾ | 25 Sep 2019 01:05 PM (IST)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕ ਘੁਟਾਲੇ ’ਚ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਵੀ ਘਿਰ ਗਏ ਹਨ। ਦਿੱਲੀ ਦੇ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਨੇ ਅਪਰਾਧ ਸ਼ਾਖਾ ਦਿੱਲੀ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ, ਕਮੇਟੀ ਦੇ ਜਨਰਲ ਮੈਨੇਜਰ ਧਰਮਿੰਦਰ ਸਿੰਘ, ਅਕਾਊਂਟਸ ਵਿਭਾਗ ਦੇ ਡਿਪਟੀ ਜਨਰਲ ਮੈਨੇਜਰ ਜਗਮੋਹਨ ਸਿੰਘ ਤੇ ਲਿਟਰੇਚਰ ਸਟੋਰ ਦੀ ਇੰਚਾਰਜ ਰਵਿੰਦਰ ਕੌਰ ਨੂੰ ਤਲਬ ਕਰਕੇ ਉਨ੍ਹਾਂ ਦੇ ਇਸ ਕੇਸ ‘ਚ ਬਿਆਨ ਦਰਜ ਕੀਤੇ ਜਾਣ।
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕ ਘੁਟਾਲੇ ’ਚ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਵੀ ਘਿਰ ਗਏ ਹਨ। ਦਿੱਲੀ ਦੇ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਨੇ ਅਪਰਾਧ ਸ਼ਾਖਾ ਦਿੱਲੀ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ, ਕਮੇਟੀ ਦੇ ਜਨਰਲ ਮੈਨੇਜਰ ਧਰਮਿੰਦਰ ਸਿੰਘ, ਅਕਾਊਂਟਸ ਵਿਭਾਗ ਦੇ ਡਿਪਟੀ ਜਨਰਲ ਮੈਨੇਜਰ ਜਗਮੋਹਨ ਸਿੰਘ ਤੇ ਲਿਟਰੇਚਰ ਸਟੋਰ ਦੀ ਇੰਚਾਰਜ ਰਵਿੰਦਰ ਕੌਰ ਨੂੰ ਤਲਬ ਕਰਕੇ ਉਨ੍ਹਾਂ ਦੇ ਇਸ ਕੇਸ ‘ਚ ਬਿਆਨ ਦਰਜ ਕੀਤੇ ਜਾਣ। ਉਨ੍ਹਾਂ ਡੀਸੀਪੀ ਕ੍ਰਾਈਮ ਬ੍ਰਾਂਚ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਵਿਅਕਤੀਆਂ ਦੇ ਗੋਲਕ ਘੁਟਾਲੇ ਸਬੰਧੀ ਬਿਆਨ ਸੀਲਬੰਦ ਲਿਫ਼ਾਫ਼ੇ ’ਚ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਕੀਤੇ ਜਾਣ। ਪਿਛਲੇ ਸਮੇਂ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੀ ਸ਼ਿਕਾਇਤ ’ਤੇ ਮਨਜੀਤ ਸਿੰਘ ਜੀਕੇ ਉਪਰ ਗੁਰੂ ਦੀ ਗੋਲਕ ਦੇ ਕਥਿਤ ਘੁਟਾਲੇ ਦੇ ਦੋਸ਼ਾਂ ਹੇਠ ਕੇਸ ਦਰਜ ਹੋਏ ਹਨ। ਪਹਿਲਾਂ ਇਹ ਕੇਸ ਮੈਟਰੋਪਾਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਸੀ ਤੇ ਅਦਾਲਤ ਨੇ ਇਹ ਕੇਸ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਸੀ ਪਰ ਗੁਰਮੀਤ ਸਿੰਘ ਸ਼ੰਟੀ ਨੇ ਦਿੱਲੀ ਪੁਲਿਸ ਦੀ ਨਿਰਪੱਖ ਜਾਂਚ ’ਤੇ ਸੰਦੇਹ ਪ੍ਰਗਟ ਕੀਤਾ ਸੀ। ਇਸ ਕਰਕੇ ਮੈਟਰੋਪਾਲਿਟਨ ਮੈਜਿਸਟਰੇਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੜ ਕੇਸ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਨੂੰ ਭੇਜ ਦਿੱਤਾ ਸੀ। ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਕ੍ਰਾਈਮ ਬ੍ਰਾਂਚ ਨੂੰ ਇਨ੍ਹਾਂ ਵਿਅਕਤੀਆਂ ਦੇ ਬਿਆਨ ਕਲਮਬੰਦ ਕਰਕੇ ਬੰਦ ਲਿਫ਼ਾਫ਼ੇ ’ਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਅੱਠ ਨਵੰਬਰ ਹੈ। ਉਸ ਤੋਂ ਪਹਿਲਾਂ ਇਨ੍ਹਾਂ ਲੋਕਾਂ ਦੇ ਬਿਆਨ ਅਦਾਲਤ ’ਚ ਪੇਸ਼ ਕੀਤੇ ਜਾਣੇ ਹਨ।