ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਵਿੱਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਅਦਾਲਤ ਦਾ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਉਨ੍ਹਾਂ ਨੂੰ ਕੋਈ ਰਾਹਤ ਨਾ ਦਿੰਦਿਆਂ ਅਗਾਉਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ।

ਯਾਦ ਰਹੇ ਬੀਤੇ ਕੱਲ੍ਹ ਕਰੀਬ ਦੋ ਘੰਟੇ ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ 'ਤੇ ਬਹਿਸ ਹੋਈ ਸੀ। ਇਸ ਮਗਰੋਂ ਅਦਾਲਤ ਨੇ ਅੱਜ ਤੱਕ ਫੈਸਲਾ ਰਾਖਵਾਂ ਰੱਖਿਆ ਸੀ। ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ SIT ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਗਾਉਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ।

ਪੰਜਾਬ ਸਰਕਾਰ ਨੇ ਅਦਾਲਤ ਵਿੱਚ ਮਨਤਾਰ ਬਰਾੜ ਦੇ ਪੱਖ ਦੀ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਬਰਾੜ ਜੇਕਰ ਸ਼ਾਂਤੀਮਈ ਧਰਨਾ ਚੁਕਵਾਉਣਾ ਚਾਹੁੰਦੇ ਤਾਂ ਉਹ ਕੋਟਕਪੂਰਾ ਚੌਕ ਵਿੱਚ ਖੁਦ ਜਾ ਕੇ ਸੰਗਤ ਨਾਲ ਗੱਲਬਾਤ ਕਰ ਸਕਦੇ ਸਨ।

ਸੂਬਾ ਸਰਕਾਰ ਨੇ ਅਦਾਲਤ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਬਰਾੜ ਨੂੰ ਜਾਂਚ ਟੀਮ ਨੇ 9 ਨਵੰਬਰ ਤੇ 27 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਨ੍ਹਾਂ ਨੇ ਬਿਲਕੁਲ ਵੀ ਸਹਿਯੋਗ ਨਹੀਂ ਕੀਤਾ। ਇਸ ਲਈ ਬਰਾੜ ਨੂੰ ਹਿਰਾਸਤ ਵਿੱਚ ਲੈਣਾ ਜ਼ਰੂਰੀ ਹੈ।