COVID-19 Case in India: ਇੰਫਲੁਐਂਜ਼ਾ ਵਰਗੀ ਬਿਮਾਰੀ / ਸਾਹ ਲੈਣ ਸਬੰਧਤ ਗੰਭੀਰ ਬਿਮਾਰੀ (ਆਈਐਲਆਈ/ਐਸਏਆਰਆਈ) ਜਿਵੇਂ ਕਿ ਕੋਵਿਡ-19, ਸਬੰਧੀ ਰਿਪੋਰਟਾਂ ਸਾਹਮਣੇ ਆਉਣ ਦੇ ਨਾਲ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੀ ਕਿਸੇ ਵੀ ਤਰ੍ਹਾਂ ਦੀ ਸੰਕਟਕਾਲੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸਿਹਤ ਮੰਤਰੀ, ਜੋ ਕਿ ਰਾਜ ਦੀਆਂ ਸਿਹਤ ਸਹੂਲਤਾਂ ਵਿਖੇ ਮੈਡੀਕਲ ਬੁਨਿਆਦੀ ਢਾਂਚੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰਾਜ ਦੇ ਸਿਵਲ ਸਰਜਨਾਂ ਨਾਲ ਇੱਕ ਵਰਚੁਅਲ ਮੀਟਿੰਗ ਕਰ ਰਹੇ ਸਨ, ਨੇ ਕਿਹਾ ਕਿ ਸੂਬਾ ਸਰਕਾਰ ਹਸਪਤਾਲਾਂ ਵਿੱਚ ਲੋੜੀਂਦੇ ਬੈੱਡਾਂ ਅਤੇ ਵੈਂਟੀਲੇਟਰਾਂ ਤੋਂ ਇਲਾਵਾ ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਪੀਪੀਈ ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਦੀ ਉਪਲਬਧਤਾ ਅਤੇ ਢੁਕਵੇਂ ਪ੍ਰਬੰਧਾਂ ਨਾਲ ਪੂਰੀ ਤਰ੍ਹਾਂ ਤਿਆਰ ਹੈ।
ABP Sanjha WhatsApp Channel ਨਾਲ ਵੀ ਜੁੜੋ - https://whatsapp.com/channel/0029Va7Nrx00VycFFzHrt01l
ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਸਿਹਤ ਸਹੂਲਤਾਂ ਵਿੱਚ ਲੋੜੀਂਦੇ ਡਾਕਟਰ ਅਤੇ ਮੈਡੀਕਲ ਸਟਾਫ਼ ਮੌਜੂਦ ਹੈ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਆਕਸੀਜਨ ਪਲਾਂਟ ਅਤੇ ਐਮਰਜੈਂਸੀ ਸਿਸਟਮ ਸਰਗਰਮ ਹਨ।
ਹਾਲਾਂਕਿ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਬਾਵਜੂਦ ਇਸਦੇ ਡਾ ਬਲਬੀਰ ਸਿੰਘ ਨੇ ਲੋਕਾਂ ਨੂੰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਾਰ-ਵਾਰ ਹੱਥ ਧੋਣ ਅਤੇ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, “ਲੋਕਾਂ, ਖਾਸ ਤੌਰ ’ਤੇ ਜਿੰਨ੍ਹਾਂ ਦੀ ਇਮਿਊਨਟੀ ਘੱਟ ਹੈ (ਇਮਿਊਨੋਕੰਪਰੋਮਾਈਜ਼ਡ) ਜਾਂ ਜਿੰਨ੍ਹਾਂ ਨੂੰ ਕੋਵਿਡ ਦੇ ਲੱਛਣ ਜਿਵੇਂ ਜ਼ੁਕਾਮ ਜਾਂ ਖੰਘ ਹਨ, ਨੂੰ ਆਪਣਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੱਕ ਕੋਈ ਜ਼ਰੂਰੀ ਕੰਮ ਨਾ ਹੋਵੇ, ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੌਰਾਨ ਸਿਹਤ ਮੰਤਰੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ।
ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ,ਐਨ.ਐਚ.ਐਮ. ਦੇ ਮਿਸ਼ਨ ਡਾਇਰੈਕਟਰ ਡਾ: ਅਭਿਨਵ ਤ੍ਰਿਖਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਆਦਰਸ਼ਪਾਲ ਕੌਰ, ਪਰਿਵਾਰ ਭਲਾਈ ਦੇ ਡਾਇਰੈਕਟਰ ਡਾ: ਹਿਤਿੰਦਰ ਕੌਰ ਵੀ ਹਾਜ਼ਰ ਸਨ।
Join Our Official Telegram Channel: https://t.me/abpsanjhaofficial