ਚੰਡੀਗੜ੍ਹ: ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਮੁੜ ਖਾਲਿਸਤਾਨੀ ਸਰਗਰਮੀਆਂ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪਾਕਿਸਤਾਨ ਤੋਂ ਡ੍ਰੋਨਾਂ ਰਾਹੀਂ ਹਥਿਆਰ ਆਉਣ ਦੇ ਖੁਲਾਸੇ ਨੇ ਖੁਫੀਆਤੰਤਰ ਦੀ ਨੀਂਦ ਉਡਾ ਦਿੱਤੀ ਹੈ। ਪੰਜਾਬ ਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀਆਂ ਹਨ।
ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਕਸ਼ਮੀਰ ਮਾਮਲੇ ਮਗਰੋਂ ਪਾਕਿਸਤਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਸ ਲਈ ਪਾਕਿ ਖੁਫੀਆ ਏਜੰਸੀ ਆਈਐਸਆਈ ਪੰਜਾਬ ਵਿੱਚ ਖਾਲਿਸਤਾਨੀ ਸਰਗਰਮੀਆਂ ਮੁੜ ਸ਼ੁਰੂ ਕਰਨ ਲਈ ਸਲੀਪਰ ਸੈੱਲਾਂ ਨੂੰ ਟੋਹ ਰਹੀ ਹੈ। ਉਨ੍ਹਾਂ ਦਾ ਨਿਸ਼ਾਨਾ ਸਰਹੱਦੀ ਖੇਤਰ ਅੰਮ੍ਰਿਤਸਰ, ਗੁਰਦਾਪੁਰ ਤੇ ਤਰਨ ਤਾਰਨ ਹੀ ਹੈ।
ਦੂਜੇ ਪਾਸੇ ਪੰਜਾਬ ਵਿੱਚ ਆਰਐਸਐਸ ਦੀਆਂ ਸਰਗਰਮੀਆਂ ਕਰਕੇ ਖਾਲਿਸਤਾਨ ਪੱਖੀ ਵੀ ਮੁੜ ਹੱਥ-ਪੈਰ ਮਾਰਨ ਲੱਗੇ ਹਨ। ਇਸ ਲਈ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸਐਸਓਸੀ) ਵੱਲੋਂ ਖਾਸ ਮੁਹਿੰਮ ਵਿੱਢੀ ਜਾ ਰਹੀ ਹੈ। ਸੂਤਰਾਂ ਮੁਤਾਬਕ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦੇ ਫੜੇ ਗਏ ਕਾਰਕੁਨਾਂ ਕੋਲੋਂ ਇਨ੍ਹਾਂ ਦੇ ਸਮਰਥਕਾਂ (ਸਲੀਪਰ ਸੈੱਲਾਂ) ਦੀ ਸ਼ਨਾਖਤ ਕਰਕੇ ਐਸਐਸਓਸੀ ਵੱਲੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਮੁਹਿੰਮ ਵਿੱਢੀ ਜਾਵੇਗੀ।
ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਖੇਤਰ ਵਿੱਚ ਦੂਜੀ ਕਤਾਰ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਦਿਆਂ ਨਾਕਿਆਂ ਤੇ ਗਸ਼ਤ ਟੀਮਾਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਐਸਐਸਓਸੀ ਵੱਲੋਂ ਹੁਣ ਤਕ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਕੋਲੋਂ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਜਾਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਹੋਰ ਸੁਰੱਖਿਆ ਤੇ ਖੁਫ਼ੀਆ ਏਜੰਸੀਆਂ ਵੱਲੋਂ ਵੀ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਦੁੱਗਲ ਨੇ ਆਖਿਆ ਕਿ ਸਰਹੱਦੀ ਖੇਤਰ ਵਿੱਚ ਦੋ ਪੜਾਵੀ ਸੁਰੱਖਿਆ ਘੇਰੇ ਨੂੰ ਮਜ਼ਬੂਤ ਕੀਤਾ ਗਿਆ ਹੈ। ਪਹਿਲਾਂ ਇੱਥੇ ਸਰਹੱਦੀ ਖੇਤਰ ਵਿੱਚ ਪਿੰਡਾਂ ਵਿਚ ਨਿਰੰਤਰ ਚੱਲਣ ਵਾਲੇ ਸੱਤ ਨਾਕੇ ਸਨ। ਸਰਹੱਦੀ ਖੇਤਰ ਵਿੱਚ 17 ਨਵੇਂ ਨਾਕੇ ਲਾ ਦਿੱਤੇ ਗਏ ਹਨ।
ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ 'ਤੇ ਖਾਲਿਸਤਾਨੀ, ਸਲੀਪਰ ਸੈੱਲਾਂ ਦੀ ਸ਼ਾਮਤ
ਏਬੀਪੀ ਸਾਂਝਾ
Updated at:
29 Sep 2019 12:21 PM (IST)
ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਮੁੜ ਖਾਲਿਸਤਾਨੀ ਸਰਗਰਮੀਆਂ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪਾਕਿਸਤਾਨ ਤੋਂ ਡ੍ਰੋਨਾਂ ਰਾਹੀਂ ਹਥਿਆਰ ਆਉਣ ਦੇ ਖੁਲਾਸੇ ਨੇ ਖੁਫੀਆਤੰਤਰ ਦੀ ਨੀਂਦ ਉਡਾ ਦਿੱਤੀ ਹੈ। ਪੰਜਾਬ ਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀਆਂ ਹਨ।
- - - - - - - - - Advertisement - - - - - - - - -