ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਣ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਚੱਕੀ ਵਿਚਕਾਰ ਫਸ ਗਈ ਹੈ। ਹਰਮਨ ਨੂੰ ਰੇਲਵੇ ਦੀ ਨੌਕਰੀ ਛੱਡਣ ਕਾਰਨ ਵਿਭਾਗ ਵੱਲੋਂ 27 ਲੱਖ ਦਾ ਜੁਰਮਾਨਾ ਲੱਗਿਆ ਹੈ, ਹਰਮਨ ਦਾ ਫਾਈਨ ਮੁਆਫ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਦੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਕਿਹਾ, ਰੇਲਵੇ ਨੂੰ ਪੰਜਾਬ ਦੀ ਹੋਣਹਾਰ ਖਿਡਾਰਨ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ,ਹਰਮਨਪ੍ਰੀਤ ਸੈਂਟਰ ਦੀ ਨੌਕਰੀ ਕਿਸੇ ਪ੍ਰਾਈਵੇਟ ਨੌਕਰੀ ਲਈ ਨਹੀਂ ਬਲਕਿ ਆਪਣੇ ਸੂਬੇ ਪੰਜਾਬ ਸਰਕਾਰ ਦੀ ਨੌਕਰੀ ਲਈ ਛੱਡ ਰਹੀ ਹੈ।
ਕ੍ਰਿਕਟ ਵਿੱਚ ਨਾਮਣਾ ਖੱਟਣ ਵਾਲੀ ਖਿਡਾਰਣ ਇਨਾਮ ਦੀ ਹੱਕਦਾਰ ਹੈ ਪਰ ਇਹ ਜ਼ੁਰਮਾਨਾ ਉਸ ਲਈ ਸਜ਼ਾ ਹੋਵੇਗੀ। ਮੁੱਖ ਮੰਤਰੀ ਨੇ ਚਿੱਠੀ 'ਚ ਰੇਲਵੇ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਹਰਮਨਪ੍ਰੀਤ ਨੂੰ ਨੀਤੀਆਂ ਤੋਂ ਰਾਹਤ ਦਿੱਤੀ ਜਾਵੇ ਤੇ ਰੇਲਵੇ ਦੇ ਅਹੁਦੇ ਤੋਂ ਅਸਤੀਫ਼ਾ ਮਨਜ਼ੂਰ ਕੀਤਾ ਜਾਵੇ .. ਹਰਮਨਪ੍ਰੀਤ ਕਹਿੰਦੀ ਹੈ ਕਿ ਇਸ ਉਲਝਣ ਕਾਰਨ ਨਾ ਉਹ ਰੇਲਵੇ ਦੀ ਮੁਲਾਜ਼ਮ ਹੈ ਤੇ ਨਾ ਹੀ ਪੰਜਾਬ ਪੁਲਿਸ ਦੀ, ਪਿਛਲੇ ਪੰਜ ਮਹੀਨੇ ਤੋਂ ਰੇਲਵੇ ਨੇ ਹਰਮਨ ਦੀ ਤਨਖਾਹ ਵੀ ਰੋਕ ਦਿੱਤੀ ਹੈ।
ਮਹਿਲਾ ਵਿਸ਼ਵ ਕੱਪ 2017 'ਚ ਲਾਜਵਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਹਰਮਨਪ੍ਰੀਤ ਨੂੰ ਪੰਜਾਬ ਸਰਕਾਰ ਨੇ ਡੀਐਸਪੀ ਦੀ ਨੌਕਰੀ ਆਫ਼ਰ ਕੀਤੀ ਸੀ।ਹਰਮਨਪ੍ਰੀਤ 2014 ਤੋਂ ਪੱਛਮੀ ਰੇਲਵੇ ਦੀ ਨੌਕਰੀ ਕਰ ਰਹੀ ਹੈ। ਰੇਲਵੇ ਨੇ 2017 'ਚ ਤਰੱਕੀ ਦੇ ਕੇ ਹਰਮਨ ਨੂੰ ਆਫਿਸ ਸੁਪਰਡੈਂਟ ਬਣਾ ਦਿੱਤਾ ਸੀ। ਰੇਲਵੇ ਨਾਲ ਹਰਮਨਪ੍ਰੀਤ ਦਾ 5 ਸਾਲ ਦਾ ਕਰਾਰ ਸੀ। ਪਰ ਪੰਜਾਬ ਸਰਕਾਰ ਵੱਲੋਂ ਨੌਕਰੀ ਮਿਲਣ ਤੋਂ ਬਾਅਦ ਹਰਮਨ ਨੇ ਰੇਲਵੇ ਨੂੰ ਅਸਤੀਫਾ ਭੇਜ ਦਿੱਤਾ। ਵਿਭਾਗ ਦਾ ਪੱਖ ਹੈ ਕਿ ਕਰਾਰ ਮੁਤਾਬਕ ਹਰਮਨਪ੍ਰੀਤ ਨੂੰ ਸਮਾਂ ਪੂਰਾ ਕਰਨਾ ਹੋਵੇਗਾ ਜਾਂ 27 ਲੱਖ ਰੁਪਏ ਜ਼ੁਰਮਾਨਾ ਦੇਣਾ ਪਵੇਗਾ। ਰੇਲਵੇ ਨੇ ਹਰਮਨਪ੍ਰੀਤ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ।
ਪੰਜਾਬ ਦੇ ਮੋਗਾ ਦੇ ਰਹਿਣ ਵਾਲੀ ਹਰਮਨਪ੍ਰੀਤ ਕੌਰ ਬੀਤੇ ਵਰ੍ਹੇ ਇੰਗਲੈਂਡ 'ਚ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੌਰਾਨ ਸੁਰਖੀਆਂ 'ਚ ਆਈ ਸੀ। ਹਰਮਨਪ੍ਰੀਤ ਨੇ ਸੈਮੀਫਾਈਨਲ ਮੁਕਾਬਲੇ 'ਚ ਆਸਟ੍ਰੇਲੀਆ ਖਿਲਾਫ਼ ਨਾਬਾਦ 171 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਫਾਈਨਲ 'ਚ ਪਹੁੰਚਾਇਆ ਸੀ।