ਨਵੀਂ ਦਿੱਲੀ: ਕ੍ਰਿਕਟਰ ਹਰਭਜਨ ਸਿੰਘ ਨੇ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸ਼ੇਅਰ ਕੀਤੀ ਤੇ ਮਗਰੋਂ ਮਾਫੀ ਮੰਗਦਿਆਂ ਕਿਹਾ ਕਿ ਇਹ ਸਭ ਕਾਹਲੀ ਵਿੱਚ ਹੋ ਗਿਆ ਸੀ। ਉਸ ਨੇ ਸੋਸ਼ਲ ਮੀਡੀਆ ਪੋਸਟ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੀ ਲਈ ਹੈ। ਹਰਭਜਨ ਨੇ ਕਿਹਾ ਕਿ ਉਸ ਨੇ ਤਾਂ ਸਿਰਫ ‘ਅਪਰੇਸ਼ਨ ਬਲੂਸਟਾਰ’ ਦੀ 37ਵੀਂ ਵਰ੍ਹੇਗੰਢ ਮੌਕੇ ਇੱਕ ਵਟਸਐਪ ਫਾਰਵਰਡ ਸ਼ੇਅਰ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ।
ਇਸ ਬਾਰੇ ਸਫਾਈ ਦਿੰਦਿਆਂ ਹਰਭਜਨ ਨੇ ਕਿਹਾ ਕਿ ਉਸ ਨੂੰ ਇਲ ਗੱਲ ਦਾ ਇਲਮ ਨਹੀਂ ਸੀ ਕਿ ਤਸਵੀਰ ਭਿੰਡਰਾਂਵਾਲੇ ਦੀ ਹੈ। ਹਰਭਜਨ ਨੇ ਮੁਆਫ਼ੀ ਮੰਗਦਿਆਂ ਕਿਹਾ ‘ਮੈਂ ਕਾਹਲੀ ਵਿੱਚ ਪੋਸਟ ਕਰ ਦਿੱਤੀ ਤੇ ਕੰਟੈਂਟ ਉਤੇ ਧਿਆਨ ਨਹੀਂ ਦਿੱਤਾ ਕਿ ਇਹ ਕਿਸ ਗੱਲ ਦੀ ਤਰਜਮਾਨੀ ਕਰਦਾ ਹੈ। ਇਹ ਮੇਰੀ ਗ਼ਲਤੀ ਸੀ ਤੇ ਮੈਂ ਮੰਨਦਾ ਹਾਂ। ਕਿਸੇ ਵੀ ਪੱਧਰ ’ਤੇ ਮੈਂ ਪੋਸਟ ਨਾਲ ਜੁੜੇ ਵਿਚਾਰਾਂ ਦੀ ਹਮਾਇਤ ਨਹੀਂ ਕਰਦਾ, ਨਾ ਹੀ ਉਨ੍ਹਾਂ ਦੀ ਜਿਨ੍ਹਾਂ ਦੀ ਤਸਵੀਰ ਉੱਥੇ ਮੌਜੂਦ ਸੀ। ਮੈਂ ਸਿੱਖ ਹਾਂ ਤੇ ਭਾਰਤ ਲਈ ਲੜਾਂਗਾ, ਭਾਰਤ ਦੇ ਵਿਰੁੱਧ ਨਹੀਂ।’
ਹਰਭਜਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹ ਮੁਆਫ਼ੀ ਮੰਗਦਾ ਹੈ। ਉਸ ਨੇ ਕਿਹਾ ਕਿ ਭਾਵੇਂ ਕੋਈ ਹੋਰ ਵੀ ਦੇਸ਼ ਵਿਰੋਧੀ ਗਰੁੱਪ ਹੋਵੇ, ਉਹ ਕਦੇ ਵੀ ਉਸ ਦੀ ਹਮਾਇਤ ਨਹੀਂ ਕਰਨਗੇ।’ ਕ੍ਰਿਕਟਰ ਨੇ ਕਿਹਾ ਕਿ ਉਸ ਨੇ 20 ਸਾਲ ਭਾਰਤ ਲਈ ਆਪਣਾ ਖ਼ੂਨ-ਪਸੀਨਾ ਵਹਾਇਆ ਹੈ ਤੇ ਭਾਰਤ ਵਿਰੋਧੀ ਕਿਸੇ ਵੀ ਗੱਲ ਦੀ ਕਦੇ ਹਮਾਇਤ ਨਹੀਂ ਕਰਨਗੇ।