22 ਦਿਨਾਂ ਦੀ ਕੰਜਕ ਦਾ ਆਪਣੇ ਘਰ 'ਚ ਹੋਇਆ ਬੇਰਹਿਮ ਕਤਲ !
ਏਬੀਪੀ ਸਾਂਝਾ | 09 Sep 2017 02:26 PM (IST)
ਚੰਡੀਗੜ੍ਹ : ਇੱਕ ਪਾਸੇ ਜਿੱਥੇ ਔਰਤ ਨੇ ਸਿੱਧ ਕਰ ਕੇ ਦਿਖਾਇਆ ਹੈ ਕਿ ਉਹ ਕਿਸੇ ਵੀ ਕੰਮ ਵਿੱਚ ਮਰਦਾਂ ਨਾਲੋਂ ਪਿੱਛੇ ਨਹੀਂ ਉੱਥੇ ਹੀ ਦੂਜੇ ਪਾਸੇ ਹਾਲੇ ਵੀ ਲੋਕਾਂ ਦੀਆਂ ਕੁੜੀਆਂ ਪ੍ਰਤੀ ਸੋਚ ਨਹੀਂ ਬਦਲੀ। ਹਾਲੇ ਵੀ ਲੋਕ ਕੁੜੀ ਨਹੀਂ ਮੁੰਡਾ ਹੀ ਚਾਹੁੰਦੇ ਹਨ। ਇਸੇ ਸੋਚ ਕਾਰਨ ਬਰਨਾਲਾ ਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੁੰਡੇ ਦੀ ਚਾਹਤ ਰੱਖਣ ਵਾਲੀ ਦਾਦੀ ਕਮਲੇਸ਼ ਕੌਰ ਨੇ ਆਪਣੀ 22 ਦਿਨਾਂ ਦੀ ਬੱਚੀ ਮਨਦੀਪ ਕੌਰ ਦਾ ਕਤਲ ਕਰ ਦਿੱਤਾ। ਬੱਚੀ ਦੇ ਕਤਲ ਬਾਰੇ ਅਕਾਲੀ ਦਲ ਦੇ ਆਗੂ ਹਰਪਾਲ ਇੰਦਰ ਸਿੰਘ ਰਾਹੀ ਨੇ ਕਿਹਾ ਕਿ ਉਨ੍ਹਾਂ ਨੇ ਬੱਚੀ ਦੇ ਲਾਪਤਾ ਹੋਣ ਦੀ ਸੂਰਤ ਵਿੱਚ ਪਹਿਲਾਂ ਭਾਲ ਲਈ ਪੁਲਿਸ ਵਿੱਚ ਸ਼ਿਕਾਇਤ ਕਰਵਾਈ। ਪਰ ਜਦੋਂ ਪੁਲਿਸ ਨੂੰ ਕੁੜੀ ਨਾ ਮਿਲੀ ਤਾਂ ਸ਼ੱਕ ਦੀ ਸੂਈ ਘਰ ਆਈ। ਫਿਰ ਘਰ ਵਿੱਚ ਜਾਂਚਣ 'ਤੇ ਲੜਕੀ ਦੀ ਲਾਸ਼ ਬੈੱਡ ਵਿੱਚ ਮਿਲੀ। ਫਿਰ ਪੁੱਛ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਬੱਚੀ ਦੀ ਦਾਦੀ ਕਮਲੇਸ਼ ਕੌਰ ਨੇ ਹੀ ਲੜਕੀ ਨੂੰ ਬੈੱਡ ਵਿੱਚ ਬੰਦ ਕਰ ਕੇ ਮਾਰ ਦਿੱਤਾ ਸੀ। ਬਰਨਾਲਾ ਸਿਟੀ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਬੱਚੀ ਮਨਜੀਤ ਕੌਰ ਦੇ ਦਾਦੇ ਵੱਲੋਂ ਆਪਣੀ ਘਰਵਾਲੀ ਕਮਲੇਸ਼ ਕੌਰ ਦੇ ਖ਼ਿਲਾਫ਼ ਧਾਰਾ 302 ਦਾ ਪਰਚਾ ਦਰਜ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਦਾਦੇ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਦੀ ਘਰ ਵਾਲੀ ਨੇ ਪੋਤੀ ਦਾ ਗਲ਼ਾ ਘੁੱਟ ਕੇ ਮਾਰ ਕੇ ਘਰ ਦੇ ਬੈੱਡ ਵਿੱਚ ਸੁੱਟ ਦਿੱਤਾ। ਡੀਐੱਸਪੀ ਨੇ ਕਿਹਾ ਕਿ ਇਸ ਦੀ ਵਜ੍ਹਾ ਇਹ ਸੀ ਕਿ ਦਾਦੀ ਦੇ ਵੀ ਦੋ ਕੁੜੀਆਂ ਸਨ ਤੇ ਉਸ ਦੀ ਲੜਕੀ ਦੇ ਵੀ ਦੋ ਕੁੜੀਆਂ ਸਨ। ਇਸ ਕਰ ਕੇ ਕੁੜੀਆਂ ਤੋਂ ਦੁਖੀ ਹੋਕੇ ਉਸ ਨੇ ਕਤਲ ਕਰ ਦਿੱਤਾ। ਇਸ ਸਬੰਧੀ ਮੁਲਜ਼ਮ ਕਮਲੇਸ਼ ਕੌਰ ਨੇ ਕਿਹਾ ਕਿ ਸਾਡੇ ਘਰ ਵਿੱਚ ਇਕੱਲੀਆਂ ਕੁੜੀਆਂ ਸਨ। ਸਾਡੇ ਖ਼ਾਨਦਾਨ ਵਿੱਚ ਕੁੜੀਆਂ ਹੋ ਕਾਰਨ ਦੁਖੀ ਹੋਕੇ ਉਸ ਨੇ ਘਰ ਵਿੱਚ ਸੁੱਤੀ ਪਈ ਆਪਣੀ ਪੋਤੀ ਨੂੰ ਬੈੱਡ ਵਿੱਚ ਬੰਦ ਕਰ ਕੇ ਮਾਰ ਦਿੱਤਾ। ਮ੍ਰਿਤਕ ਬੱਚੀ ਦਾ ਪਿਤਾ ਪ੍ਰਿਤਪਾਲ ਸਿੰਘ ਮੇਲਿਆਂ 'ਚ ਐਨਕਾਂ ਅਤੇ ਹੋਰ ਸਮਾਨ ਵੇਚ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਇਸ ਕੰਮ 'ਚ ਉਸ ਦਾ ਹੱਥ ਉਸ ਦਾ ਛੋਟਾ ਭਰਾ ਵੀ ਵਟਾਉਂਦਾ ਸੀ। ਪ੍ਰਿਤਪਾਲ ਸਿੰਘ ਦੇ ਇਹ ਪਹਿਲੀ ਸੰਤਾਨ ਸੀ। ਜਦੋਂਕਿ ਉਸ ਦਾ ਭਰਾ ਅਜੇ ਕੁਆਰਾ ਹੈ। ਜਿਸ ਸਮੇਂ ਇਹ ਕਾਂਡ ਹੋਇਆ ਉਸ ਸਮੇਂ ਇਹ ਦੋਵੇਂ ਭਰਾ ਵੀ ਘਰ ਤੋਂ ਬਾਹਰ ਕੰਮ ਲਈ ਗਏ ਹੋਏ ਸਨ। ਇਸ ਸੰਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਚੀ ਦੀ ਮੌਤ ਪਰਿਵਾਰਕ ਮੈਂਬਰਾਂ ਦੀ ਮਿਲੀਭੁਗਤ ਦਾ ਨਤੀਜਾ ਹੋ ਸਕਦਾ ਹੈ। ਕਮਲੇਸ਼ ਨੇ ਬੱਚੀ ਨੂੰ ਮਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਪਰ ਇਸ ਦੀ ਅਸਲ ਤਸਵੀਰ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਬੱਚੀ ਦੀ ਮੌਤ ਪਿੱਛ ਹੋਰ ਕੌਣ ਜ਼ਿੰਮੇਵਾਰ ਸਨ। ਕੁੜੀ ਮਾਰਨ ਦੀ ਸੋਚ ਸਿਰਫ਼ ਗ਼ਰੀਬਾਂ ਵਿੱਚ ਹੀ ਬਲਕਿ ਅਮੀਰਾਂ ਵਿੱਚ ਵੀ ਪਾਈ ਜਾਂਦੀ ਹੈ। ਲੜਕੀ ਨੂੰ ਮਾਰਨ ਦੇ ਤਰੀਕੇ ਵੱਖ ਹੋ ਸਕਦੇ ਹਨ ਪਰ ਮਨਸ਼ਾ ਇੱਕ ਹੀ ਹੁੰਦੀ ਹੈ। ਇੱਥੇ ਵੱਡਾ ਸੁਆਲ ਇਹ ਹੈ ਕਿ ਅੱਜ ਵੀ ਸਮਾਜ ਕੁੜੀਆਂ ਨੇ ਕਿਉਂ ਨਹੀਂ ਸਵੀਕਾਰ ਕਰ ਰਿਹਾ। ਕਿਉਂ ਘਰ ਵਿੱਚ ਕੁੜੀ ਦੇ ਜਨਮ 'ਤੇ ਲੋਕ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ। ਕੁੜੀਆਂ ਦੇ ਕਤਲ ਲਈ ਸਿਰਫ਼ ਪਰਿਵਾਰ ਜ਼ਿੰਮੇਵਾਰ ਹੈ ਜਾਂ ਫਿਰ ਸਮਾਜ ਤੇ ਮੌਜੂਦਾ ਪ੍ਰਬੰਧ ਵੀ ਜ਼ਿੰਮੇਵਾਰ ਹੈ। ਜਿਸ ਨੇ ਲੜਕੀ ਨੂੰ ਮਾਨ ਸਨਮਾਨ ਤੇ ਬਰਾਬਰ ਦੇ ਮੌਕੇ ਦੇਣੇ ਹੁੰਦੇ ਹਨ।