Crisil Report: ਭਾਰੀ ਬਾਰਸ਼ ਤੇ ਹੜ੍ਹਾਂ ਕਾਰਨ ਫਸਲਾਂ ਤਬਾਹ! ਪੰਜਾਬ ਬਾਰੇ ਕ੍ਰਿਸਿਲ ਦੀ ਰਿਪੋਰਟ ਨੇ ਉਡਾਏ ਹੋਸ਼
ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਭਾਰੀ ਬਾਰਸ਼ ਤੇ ਹੜ੍ਹਾਂ ਨੇ ਫਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨਾਲ ਉਤਪਾਦਨ ਉਪਰ ਵੱਡਾ ਪ੍ਰਭਾਵ ਪਵੇਗਾ। ਇਹ ਦਾਅਵਾ ਕ੍ਰਿਸਿਲ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ।

Crops destroyed due to heavy rains and floods: ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਭਾਰੀ ਬਾਰਸ਼ ਤੇ ਹੜ੍ਹਾਂ ਨੇ ਫਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨਾਲ ਉਤਪਾਦਨ ਉਪਰ ਵੱਡਾ ਪ੍ਰਭਾਵ ਪਵੇਗਾ। ਇਹ ਦਾਅਵਾ ਕ੍ਰਿਸਿਲ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਪੰਜਾਬ ਤੇ ਰਾਜਸਥਾਨ ਵਿੱਚ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਰਾਜਾਂ ਵਿੱਚ ਇਸ ਦਾ ਪ੍ਰਭਾਵ ਸਥਾਨਕ ਪੱਧਰ 'ਤੇ ਹੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਗਲੇ ਕੁਝ ਹਫ਼ਤੇ ਖੇਤੀਬਾੜੀ ਖੇਤਰ ਲਈ ਬੇਹੱਦ ਅਹਿਮ ਹੋਣਗੇ।
ਕ੍ਰਿਸਿਲ ਨੇ ਕਿਹਾ ਹੈ ਕਿ ਸਤੰਬਰ ਦੀ ਬਾਰਸ਼ ਦਾ ਪੈਟਰਨ ਮਹੱਤਵਪੂਰਨ ਹੋਵੇਗਾ ਕਿਉਂਕਿ ਭਾਰਤੀ ਮੌਸਮ ਵਿਭਾਗ ਨੇ ਉੱਤਰੀ ਤੇ ਮੱਧ ਭਾਰਤ ਵਿੱਚ ਆਮ ਤੋਂ ਵੱਧ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਹ ਝੋਨਾ, ਕਪਾਹ, ਸੋਇਆਬੀਨ, ਮੱਕੀ ਤੇ ਪਿਆਜ਼ ਦੇ ਮੁੱਖ ਵਿਕਾਸ ਪੜਾਵਾਂ ਨਾਲ ਮੇਲ ਖਾਂਦਾ ਹੈ। ਇਸ ਕਰਕੇ ਇਹ ਮਹੀਨਾ ਫਸਲਾਂ ਦੀ ਸਿਹਤ ਤੇ ਝਾੜ ਲਈ ਮਹੱਤਵਪੂਰਨ ਹੈ।
ਰਿਪੋਰਟ ਮੁਤਾਬਕ ਦੋ ਸਤੰਬਰ ਤੱਕ ਕੁੱਲ ਬਾਰਸ਼ ਲੰਬੇ ਸਮੇਂ ਦੇ ਔਸਤ ਨਾਲੋਂ ਲਗਪਗ ਸੱਤ ਪ੍ਰਤੀਸ਼ਤ ਵੱਧ ਸੀ। ਝਾਰਖੰਡ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਵਰਗੇ ਰਾਜਾਂ ਵਿੱਚ ਆਮ ਤੋਂ ਵੱਧ ਬਾਰਸ਼ ਦਰਜ ਕੀਤੀ ਗਈ। ਦੱਖਣ-ਪੱਛਮੀ ਮਾਨਸੂਨ ਜੋ ਭਾਰਤ ਦੀ ਸਾਲਾਨਾ ਬਾਰਸ਼ ਦਾ ਲਗਪਗ 76 ਪ੍ਰਤੀਸ਼ਤ ਬਣਦਾ ਹੈ, ਖੇਤੀਬਾੜੀ ਤੇ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਰਾਜ
ਕ੍ਰਿਸਿਲ ਰਿਪੋਰਟ ਵਿੱਚ ਪੰਜਾਬ ਦਾ ਖਾਸ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਵਿੱਚੋਂ ਇੱਕ ਸੀ। ਅਗਸਤ ਵਿੱਚ ਬਰਿਸ਼ ਆਮ ਨਾਲੋਂ 74 ਪ੍ਰਤੀਸ਼ਤ ਵੱਧ ਸੀ। ਰਾਜ ਦੀ 42.4 ਲੱਖ ਹੈਕਟੇਅਰ ਕਾਸ਼ਤਯੋਗ ਜ਼ਮੀਨ ਵਿੱਚੋਂ ਲਗਪਗ 70,000 ਹੈਕਟੇਅਰ ਪਾਣੀ ਵਿੱਚ ਡੁੱਬ ਗਈ। ਕਈ ਜ਼ਿਲ੍ਹਿਆਂ ਵਿੱਚ ਝੋਨਾ, ਗੰਨਾ ਤੇ ਕਪਾਹ ਵਰਗੀਆਂ ਫਸਲਾਂ ਡੁੱਬ ਗਈਆਂ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿੱਟੇ ਨਿਕਲਣ ਵੇਲੇ ਝੋਨੇ ਵਿੱਚ ਪਾਣੀ ਭਰਨ ਨਾਲ ਪੱਤੇ ਪੀਲੇ ਪੈ ਸਕਦੇ ਹਨ। ਇਸ ਨਾਲ ਵਿਕਾਸ ਰੁਕ ਸਕਦਾ ਹੈ ਤੇ ਝਾੜ ਵਿੱਚ 5 ਤੋਂ 10 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ। ਗੰਨੇ ਵਿੱਚ ਪਾਣੀ ਭਰਨ ਨਾਲ ਲਾਲ ਸੜਨ ਰੋਗ ਦਾ ਖ਼ਤਰਾ ਵਧ ਜਾਂਦਾ ਹੈ। ਇਹ ਗੰਨੇ ਤੇ ਖੰਡ ਦੀ ਪੈਦਾਵਾਰ ਦੋਵਾਂ ਨੂੰ 5 ਤੋਂ 10 ਪ੍ਰਤੀਸ਼ਤ ਘਟਾ ਸਕਦਾ ਹੈ ਤੇ ਜੂਸ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਪਾਹ ਜੋ ਇਸ ਸਮੇਂ ਪੱਕਣ ਦੇ ਪੜਾਅ ਵਿੱਚ ਹੈ, ਨੂੰ ਫੁੱਲਾਂ ਦੇ ਡਿੱਗਣ ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਖ਼ਤਰਾ ਹੈ। ਇਹ ਝਾੜ ਨੂੰ 15-20 ਪ੍ਰਤੀਸ਼ਤ ਘਟਾ ਸਕਦਾ ਹੈ ਤੇ ਰੇਸ਼ੇ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕਿਹੜੇ ਰਾਜਾਂ ਵਿੱਚ ਕਿੰਨਾ ਨੁਕਸਾਨ?
ਰਿਪੋਰਟ ਮੁਤਾਬਕ ਹਰਿਆਣਾ ਵਿੱਚ ਪੰਜਾਬ ਨਾਲ ਲੱਗਦੇ ਸਿਰਸਾ, ਫਤਿਹਾਬਾਦ ਤੇ ਜੀਂਦ ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ ਜ਼ਿਆਦਾ ਬਾਰਸ਼ ਕਾਰਨ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਹੈ। ਇਨ੍ਹਾਂ ਖੇਤਰਾਂ ਦੇ ਖੇਤਾਂ ਵਿੱਚ ਸਮੇਂ ਤੋਂ ਪਹਿਲਾਂ ਫੁੱਲ ਤੇ ਫਲੀਆਂ ਦਿਖਾਈ ਦਿੱਤੀਆਂ, ਜੋ ਘੱਟ ਉਤਪਾਦਨ ਨੂੰ ਦਰਸਾਉਂਦੀਆਂ ਹਨ। ਟਮਾਟਰ ਦੀ ਫਸਲ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਅਗਸਤ ਵਿੱਚ ਗਾਜਰ ਦੀ ਬਿਜਾਈ ਪਾਣੀ ਭਰਨ ਕਾਰਨ ਦੇਰੀ ਨਾਲ ਹੋਈ ਹੈ।
ਰਾਜਸਥਾਨ ਵਿੱਚ ਭਾਰੀ ਬਾਰਸ਼ ਨੇ ਅਜਮੇਰ, ਟੋਂਕ, ਕੋਟਾ, ਬੁੰਦੀ, ਜੈਪੁਰ ਤੇ ਦੌਸਾ ਵਿੱਚ ਬਾਜਰਾ, ਜਵਾਰ, ਸੋਇਆਬੀਨ, ਮੂੰਗਫਲੀ, ਮੂੰਗੀ ਤੇ ਉੜਦ ਦੀਆਂ ਫਸਲਾਂ ਨੂੰ ਵਿਆਪਕ ਨੁਕਸਾਨ ਪਹੁੰਚਾਇਆ। ਉੱਤਰ ਪ੍ਰਦੇਸ਼ ਵਿੱਚ ਯਮੁਨਾ ਤੇ ਗੰਗਾ ਨਦੀਆਂ ਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਕਰਕੇ ਸਥਾਨਕ ਨੁਕਸਾਨ ਦੇਖਿਆ ਗਿਆ। ਇਸ ਦੌਰਾਨ ਆਂਧਰਾ ਪ੍ਰਦੇਸ਼, ਕਰਨਾਟਕ ਤੇ ਤੇਲੰਗਾਨਾ ਵਿੱਚ ਵੱਖਰੇ-ਵੱਖਰੇ ਪ੍ਰਭਾਵ ਦੇਖੇ ਗਏ।
ਕ੍ਰਿਸਿਲ ਨੇ ਕਿਹਾ ਕਿ ਅਨਿਯਮਿਤ ਬਾਰਸ਼ ਵੀ ਮਹਿੰਗਾਈ ਦਾ ਖ਼ਤਰਾ ਪੈਦਾ ਕਰਦੀ ਹੈ। ਖਪਤਕਾਰ ਮੁੱਲ ਸੂਚਕਾਂਕ ਵਿੱਚ ਖੁਰਾਕੀ ਵਸਤੂਆਂ ਦਾ ਭਾਰ 47 ਪ੍ਰਤੀਸ਼ਤ ਹੈ ਤੇ ਪੇਂਡੂ ਪਰਿਵਾਰਾਂ ਦੇ ਖਰਚ ਵਿੱਚ ਇਸ ਦਾ ਹਿੱਸਾ 47 ਪ੍ਰਤੀਸ਼ਤ ਹੈ, ਜਦੋਂ ਕਿ ਸ਼ਹਿਰੀ ਪਰਿਵਾਰਾਂ ਦੇ ਖਰਚ ਵਿੱਚ ਇਹ 40 ਪ੍ਰਤੀਸ਼ਤ ਹੈ। ਉਤਪਾਦਨ ਵਿੱਚ ਹੋਰ ਕਮੀ ਸਪਲਾਈ ਵਾਲੇ ਪਾਸੇ ਦਬਾਅ ਵਧਾ ਸਕਦੀ ਹੈ।






















