ਰੌਬਟ ਦੀ ਰਿਪੋਰਟ



ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੜੀ ਗਈ ਵਿਧਾਨ ਸਭਾ ਚੋਣ 2022 ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਕਾਂਗਰਸ ਪਾਰਟੀ ਤੋਂ ਵੱਖ ਹੋ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਪੈਸਾ ਹੀ ਨਹੀਂ ਸੀ। ਇਸ ਕਾਰਨ ਪੰਜਾਬ ‘ਚ ਆਪਣੀ ਬਾਦਸ਼ਾਹਤ ਦਿਖਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਲੜਨ ਲਈ ਸ਼ਰਾਬ ਕਾਰੋਬਾਰੀ ਤੋਂ 25 ਲੱਖ ਰੁਪਏ ਦਾ ਕਰਜ਼ਾ ਤੱਕ ਲੈਣਾ ਪਿਆ।

ਸ਼ਰਾਬ ਕਾਰੋਬਾਰੀ ਤੋਂ ਕਰਜ਼ਾ ਲੈਣ ਤੋਂ ਬਾਅਦ ਹੀ ਅਮਰਿੰਦਰ ਸਿੰਘ ਆਪਣੇ ਚੋਣ ਖ਼ਰਚੇ ਕਰ ਪਾਏ ਤੇ ਕਰਜ਼ ਲੈ ਕੇ ਹੀ ਅਮਰਿੰਦਰ ਸਿੰਘ ਵੱਲੋਂ ਅਦਾਇਗੀਆਂ ਤੱਕ ਕੀਤੀ ਗਈਆਂ। ਇਹ ਵੀ ਪਹਿਲੀ ਵਾਰ ਹੋਇਆ ਹੈ, ਜਦੋਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਲੜਨ ਲਈ ਕਿਸੇ ਵੀ ਵਿਅਕਤੀ ਨੇ ਇੱਕ ਵੀ ਨਵੇਂ ਪੈਸਾ ਦੀ ਮਦਦ ਨਹੀਂ ਕੀਤੀ ਜਿਸ ਕਾਰਨ ਉਨਾਂ ਨੂੰ ਕਰਜ਼ ਲੈਣ ਤੱਕ ਜਾਣਾ ਪਿਆ।

ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਲਈ ਦੂਰਲਾਭ ਸਿੰਘ ਗਰਚਾ ਨਾਂ ਦੇ ਸ਼ਰਾਬ ਕਾਰੋਬਾਰੀ ਤੋਂ 25 ਲੱਖ ਰੁਪਏ ਦਾ ਕਰਜ਼ ਤੱਕ ਲੈਣਾ ਪਿਆ। ਦੂਰਲਾਭ ਸਿੰਘ ਗਰਚਾ ਵੱਲੋਂ ਇਹ ਕਰਜ਼ ਬਕਾਇਦਾ ਚੈੱਕ ਰਾਹੀਂ ਦਿੱਤਾ ਗਿਆ। ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ 39 ਲੱਖ 67 ਹਜ਼ਾਰ 36 ਰੁਪਏ ਖ਼ਰਚ ਕੀਤੇ ਗਏ ਸਨ। ਅਮਰਿੰਦਰ ਸਿੰਘ ਕੋਲ 15 ਲੱਖ 25 ਹਜ਼ਾਰ ਰੁਪਏ ਹੀ ਸਨ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ ਲੈਣ ਤੱਕ ਦੀ ਲੋੜ ਪਈ ਤੇ ਇਸ 39 ਲੱਖ 67 ਹਜ਼ਾਰ 36 ਰੁਪਏ ਦੇ ਖ਼ਰਚ ਨੂੰ ਕਰਨ ਲਈ 25 ਲੱਖ ਰੁਪਏ ਕਰਜ਼ ਵਾਲੀ ਰਕਮ ਦੀ ਹੀ ਵਰਤੋਂ ਕੀਤੀ ਗਈ।

ਕਾਂਗਰਸ ਪਾਰਟੀ ਦੇ ਦਿੱਗਜ਼ ਲੀਡਰਾਂ ਵਿੱਚ ਸ਼ੁਮਾਰ ਰਹਿਣ ਵਾਲੇ ਤੇ ਪੰਜਾਬ ਵਿੱਚ 2 ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਸਿੱਕਾ ਬੋਲਦਾ ਸੀ। ਪੰਜਾਬ ਵਿੱਚ ਅੱਜ ਵੀ ਅਮਰਿੰਦਰ ਸਿੰਘ ਨੂੰ ਵੱਡੇ ਲੀਡਰਾਂ ਵਿੱਚ ਮੰਨਿਆ ਜਾਂਦਾ ਹੈ ਪਰ ਕਾਂਗਰਸ ਪਾਰਟੀ ਨੂੰ ਛੱਡਣ ਤੇ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਲਗਾਤਾਰ ਅਮਰਿੰਦਰ ਸਿੰਘ ਦੀ ਲੋਕ-ਪ੍ਰਿਯਤਾ ਵਿੱਚ ਘਾਟ ਆਈ ਹੈ ਤੇ ਜਿਆਦਾ ਲੀਡਰਾਂ ਸਣੇ ਆਮ ਲੋਕਾਂ ਵਲੋਂ ਉਨਾਂ ਤੋਂ ਕਿਨਾਰਾ ਕੀਤਾ ਗਿਆ ਹੈ।

ਇਸ ਦਾ ਅਸਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਦਿਖਾਈ ਦਿੱਤਾ ਹੈ। ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਵਿੱਚ ਨਾ ਸਿਰਫ਼ ਹਾਰ ਦਾ ਸਾਹਮਣਾ ਕਰਨਾ ਪਿਆ, ਸਗੋਂ ਉਨਾਂ ਨੂੰ ਚੋਣ ਲੜਨ ਲਈ ਕੋਈ ਮਦਦ ਵੀ ਕਰਨ ਲਈ ਤਿਆਰ ਨਹੀਂ ਸੀ। ਅਮਰਿੰਦਰ ਸਿੰਘ ਕੋਲ ਖ਼ੁਦ ਦੀ ਚੋਣ ਲੜਨ ਲਈ ਜਿਆਦਾ ਪੈਸਾ ਨਹੀਂ ਸੀ, ਜਿਸ ਕਾਰਨ ਅਮਰਿੰਦਰ ਸਿੰਘ ਨੂੰ ਕਰਜ਼ ਤੱਕ ਲੈਣਾ ਪਿਆ।