ਮੋਗਾ : ਮੋਗਾ ਜ਼ਿਲੇ ਦੇ ਪਿੰਡ ਉਗੋਕੇ ਨੇੜਿਓਂ ਲੰਘਦੀ ਅਬੋਹਰ ਬ੍ਰਾਂਚ 'ਚ ਬੀਤੀ ਰਾਤ ਕਰੀਬ 35 ਫੁੱਟ ਦਾ ਨਹਿਰ 'ਚ ਪਾੜ ਪੈਣ ਤੋਂ ਬਾਅਦ ਡਰ ਦਾ ਮਾਹੌਲ ਬਣ ਗਿਆ ਸੀ ਪਰ ਪਿੰਡ ਵਾਸੀਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਸ ਮੌਕੇ ’ਤੇ ਨਹਿਰੀ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਬਾਘਾਪੁਰਾ ਦੇ ਡੀਐਸਪੀ ਸਮਸੇਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਹਨ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਦਿਨੀਂ ਹੀ ਇਸ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ, ਇਹ ਨਹਿਰ ਬਹੁਤ ਪੁਰਾਣੀ ਹੈ , ਜਿਸ ਕਰਕੇ ਨਹਿਰ ਵਿੱਚ ਪਾੜ ਪੈ ਗਿਆ ਹੈ।
ਇਸ ਦੀ ਮੁਰੰਮਤ ਨਹੀਂ ਕਰਵਾਈ ਗਈ ਅਤੇ ਇਸ ਨਹਿਰ ਦੇ ਬੰਨ੍ਹ 'ਤੇ ਚੂਹਿਆਂ ਨੇ ਕਈ ਟੋਏ ਬਣਾ ਦਿੱਤੇ, ਜਿਸ ਕਾਰਨ ਇਹ ਬੰਨ੍ਹ ਟੁੱਟ ਗਿਆ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਨਹਿਰ ਦੇ ਪਾੜ ਨੂੰ ਭਰ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਇਸ ਨੂੰ ਭਰ ਦਿੱਤਾ ਜਾਵੇਗਾ, ਕੋਈ ਬਹੁਤਾ ਨੁਕਸਾਨ ਨਹੀਂ ਹੋਇਆ, ਥੋੜ੍ਹੀ ਜਿਹੀ ਮੂੰਗਫਲੀ ਅਤੇ ਮੱਕੀ ਦੀ ਫਸਲ ਦਾ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਉਗੋਕੇ ਨੇੜਿਓਂ ਲੰਘਦੀ ਅਬੋਹਰ ਬ੍ਰਾਂਚ 'ਚ ਨਹਿਰ 'ਚ ਬੀਤੀ ਰਾਤ ਹੀ ਪਾਣੀ ਛੱਡ ਦਿਤਾ ਗਿਆ ਸੀ, ਜਿਸ ਕਾਰਨ ਵਾਧੂ ਪਾਣੀ ਦਾ ਬੋਝ ਨਾ ਸਹਾਰਦਿਆਂ ਇਸ ਨਹਿਰ ਵਿਚ ਪਾੜ ਪੈ ਗਿਆ ਸੀ। ਨਹਿਰੀ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਅਜਿਹੀ (ਪਾੜ ਵਰਗੀ) ਕਿਸੇ ਵੀ ਪ੍ਰਕਾਰ ਦੀ ਸਥਿਤੀ ਉਤਪੰਨ ਨਾ ਹੋਵੇ ,ਇਸ ਲਈ ਢੁਕਵੇਂ ਕਦਮ ਚੁਕੇ ਜਾਣ।