ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਇਹ ਪਹਿਲਾ ਸਰਟੀਫਾਇਡ ਰੋਡ ਈਵੈਂਟ ਹੋਵੇਗਾ। ਇਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹਾ ਅੰਤਰਰਾਸ਼ਟਰੀ, ਸੈਰ-ਸਪਾਟਾ ਤੇ ਸਾਈਕਲਿੰਗ ਦੇ ਖੇਤਰ ਵਿੱਚ ਮੋਹਰੀ ਜ਼ਿਲ੍ਹਾ ਬਣ ਜਾਏਗਾ। ਉਨ੍ਹਾਂ ਦੱਸਿਆ ਕਿ ਸਾਈਕਲਿੰਗ ਰੇਸ ਤੋਂ ਇਲਾਵਾ 21 ਕਿਲੋਮੀਟਰ, 10 ਕਿਲੋਮੀਟਰ ਤੇ 5 ਕਿਲੋਮੀਟਰ ਹਾਫ ਮੈਰਾਥਨ ਵੀ ਕਰਵਾਈ ਜਾ ਰਹੀ ਹੈ। ਇਸ ਵਿੱਚ ਕਰੀਬ 12 ਹਜ਼ਾਰ ਤੋਂ ਵੱਧ ਨੌਜਵਾਨ ਹਿੱਸਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਹਾਫ ਮੈਰਾਥਨ ਲਈ ਸੇਵਾ ਕੇਂਦਰ, ਐਚਡੀਐਫਸੀ ਬੈਂਕ ਦੀਆਂ ਸਾਰੀਆਂ ਬਰਾਂਚਾਂ, ਪੰਜਾਬ ਬਾਈਕਰਜ਼ ਸਟੋਰ, ਹੁਸ਼ਿਆਰਪੁਰ ਤੇ ਵੈਬਸਾਈਟ www.HoshiarpurRideAndRun.com 'ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। 21 ਕਿਲੋਮੀਟਰ ਹਾਫ ਮੈਰਾਥਨ ਲਈ 400 ਰੁਪਏ ਜਦਕਿ 10 ਅਤੇ 5 ਕਿਲੋਮੀਟਰ ਲਈ 200 ਰੁਪਏ ਫੀਸ ਰੱਖੀ ਗਈ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਪੱਤਰਕਾਰਾਂ ਲਈ ਕੋਈ ਫ਼ੀਸ ਨਹੀਂ ਹੈ। ਹਾਫ ਮੈਰਾਥਨ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 5 ਮਾਰਚ ਹੈ।