ਜਲੰਧਰ: ਅਕਸਰ ਵਿਵਾਦਾਂ 'ਚ ਰਹਿਣ ਵਾਲੀ ਰਾਧੇ ਮਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਗਲਤ ਗੱਲਾਂ ਕਰਨ ਤੇ ਧਮਕਾਉਣ ਦੇ ਇਲਜ਼ਾਮ ਲਾਉਣ ਵਾਲੇ ਸਮਾਜ ਸੇਵੀ ਸੁਰਿੰਦਰ ਮਿੱਤਲ ਵੱਲੋਂ ਪੁਲਿਸ ਨੂੰ ਦਿੱਤੇ ਆਵਾਜ਼ ਦੇ ਨਮੂਨੇ ਰਾਧੇ ਮਾਂ ਨਾਲ ਮਿਲ ਗਏ ਹਨ। ਇਸ ਦੇ ਨਾਲ ਹੀ ਕਪੂਰਥਲਾ ਦੇ ਪਿਛਲੇ ਐਸਐਸਪੀ ਸੰਦੀਪ ਸ਼ਰਮਾ ਵੀ ਕਸੂਤੇ ਘਿਰ ਗਏ ਹਨ।
ਦਰਅਸਲ ਕਪੂਰਥਲਾ ਦੇ ਫਗਵਾੜਾ ਇਲਾਕੇ ਦੇ ਰਹਿਣ ਵਾਲੇ ਸਮਾਜ ਸੇਵੀ ਸੁਰਿੰਦਰ ਮਿੱਤਲ ਨੇ ਕੋਰਟ 'ਚ ਕੇਸ ਦਾਇਰ ਕਰਕੇ ਇਲਜ਼ਾਮ ਲਾਏ ਸੀ ਕਿ ਰਾਧੇ ਮਾਂ ਫੋਨ 'ਤੇ ਉਸ ਨਾਲ ਗਲਤ ਗੱਲਾਂ ਕਰਦੀ ਹੈ। ਉਸ ਨੂੰ ਭਸਮ ਕਰਨ ਦੀ ਧਮਕੀ ਦਿੰਦੀ ਹੈ। ਕਪੂਰਥਲਾ ਪੁਲਿਸ ਨੇ ਜਦੋਂ ਸੁਰਿੰਦਰ ਮਿੱਤਲ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਾ ਕੀਤੀ ਤਾਂ ਮਿੱਤਲ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ।
ਅੱਜ ਸੁਣਵਾਈ ਦੌਰਾਨ ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਹਾਈਕੋਰਟ 'ਚ ਫੋਰੈਂਸਿਕ ਰਿਪੋਰਟ ਪੇਸ਼ ਕੀਤੀ ਜਿਸ ਮੁਤਾਬਕ ਰਾਧੇ ਮਾਂ ਦੀ ਆਵਾਜ਼ ਦੇ ਸੈਂਪਲ ਉਨ੍ਹਾਂ ਸੈਂਪਲਾਂ ਨਾਲ ਮੇਲ ਖਾ ਗਏ ਜਿਹੜੇ ਸੁਰਿੰਦਰ ਮਿੱਤਲ ਵੱਲੋਂ ਦਿੱਤੇ ਗਏ ਸਨ। ਐਸਐਸਪੀ ਨੇ ਹਾਈਕੋਰਟ 'ਚ ਦੱਸਿਆ ਕਿ ਐਸਪੀ ਇੰਸਵੈਸਟੀਗਸ਼ਨ ਸਤਨਾਮ ਸਿੰਘ ਤੇ ਏਐਸਪੀ ਸੰਦੀਪ ਮਲਿਕ ਇੱਕ ਮਹੀਨੇ 'ਚ ਬਣਦੀ ਕਾਰਵਾਈ ਕਰਨਗੇ। ਹਾਈਕੋਰਟ 'ਚ 21 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ ਕਪੂਰਥਲਾ ਦੇ ਐਸਐਸਪੀ ਨੂੰ ਖੁਦ ਹਾਜ਼ਰ ਹੋ ਕੇ ਕੇਸ ਦੀ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ।
ਹਾਈਕੋਰਟ ਵੱਲੋਂ ਅਦਾਲਤੀ ਹੱਤਕ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਨੂੰ ਮਹੀਨੇ ਅੰਦਰ ਕਪੂਰਥਲਾ ਦੇ ਪਿਛਲੇ ਐਸਐਸਪੀ ਸੰਦੀਪ ਸ਼ਰਮਾ ਖਿਲਾਫ ਜਾਂਚ ਕਰਕੇ ਕਾਰਵਾਈ ਕਰਨ ਲਈ ਕਿਹਾ ਹੈ। ਕਪੂਰਥਲਾ ਦੇ ਪਿਛਲੇ ਐਸਐਸਪੀ ਸੰਦੀਪ ਸ਼ਰਮਾ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਰਟ ਦੇ ਪਿਛਲੇ ਹੁਕਮਾਂ ਦੀ ਕਾਪੀ ਨਹੀਂ ਮਿਲੀ। ਅੱਜ ਸ਼ਿਕਾਇਤਕਰਤਾ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਪਿਛਲੇ ਹੁਕਮਾਂ 'ਚ ਇਹ ਲਿਖਿਆ ਹੋਇਆ ਹੈ ਕਿ ਕੋਰਟ ਆਰਡਰ ਦੀ ਕਾਪੀ ਪੁਲਿਸ ਨੂੰ ਦਿੱਤੀ ਗਈ ਹੈ।
ਹਾਈਕੋਰਟ ਵੱਲੋਂ ਅਗਲੇ ਦੋ ਮਹੀਨਿਆਂ 'ਚ ਦੋਵੇਂ ਰਿਪੋਰਟਾਂ ਪੇਸ਼ ਕਰਨ ਲਈ ਕਿਹਾ ਗਿਆ ਹੈ। ਇੱਕ ਰਿਪੋਰਟ 'ਚ ਰਾਧੇ ਮਾਂ ਖਿਲਾਫ ਜਾਂਚ ਤੇ ਦੂਜੀ 'ਚ ਸਾਬਕਾ ਐਸਐਸਪੀ ਦੀ ਜਾਂਚ ਬਾਰੇ ਰਿਪੋਰਟ ਮੰਗੀ ਗਈ ਹੈ। ਸੁਰਿੰਦਰ ਮਿੱਤਲ ਨੇ ਰਾਧੇ ਮਾਂ ਖਿਲਾਫ 2015 'ਚ ਕਪੂਰਥਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਧੇ ਮਾਂ ਉਸ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ। ਗੱਲਾਂ ਨਾ ਕਰਨ 'ਤੇ ਭਸਮ ਕਰਨ ਦੀ ਧਮਕੀ ਦਿੰਦੀ ਹੈ।