ਅੰਮ੍ਰਿਤਸਰ : 19 ਸਾਲ ਪੁਰਾਣੇ ਕਬੂਤਰਬਾਜ਼ੀ (ਮਨੁੱਖੀ ਤਸਕਰੀ) ਮਾਮਲੇ 'ਚ ਹਾਈਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਆਪਣੇ ਭਰਾ ਮੀਕਾ ਸਿੰਘ ਨਾਲ ਸੋਮਵਾਰ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਦਲੇਰ ਮਹਿੰਦੀ ਕਾਫੀ ਦੇਰ ਤੱਕ ਹਰਿਮੰਦਰ ਸਾਹਿਬ ਦੇ ਅੰਦਰ ਰਹੇ। ਗੁਰੂਆਂ ਦਾ ਸ਼ੁਕਰਾਨਾ ਕਰਨ ਪਹੁੰਚੇ ਦਲੇਰ ਮਹਿੰਦੀ ਨੇ ਕਿਹਾ ਕਿ ਜਿਸ ਦੇ ਉਪਰ ਸ੍ਰੀ ਗੁਰੂ ਰਾਮਦਾਸ ਜੀ ਦਾ ਹੱਥ ਹੋਵੇ ,ਉਸ ਨੂੰ ਕੁਝ ਨਹੀਂ ਹੋ ਸਕਦਾ। 

 

ਦੱਸਣਯੋਗ ਹੈ ਕਿ 15 ਸਤੰਬਰ ਨੂੰ ਦਲੇਰ ਮਹਿੰਦੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਸੀ। ਇਸ ਸਾਲ ਜੁਲਾਈ ਵਿੱਚ ਪਟਿਆਲਾ ਸੈਸ਼ਨ ਕੋਰਟ ਨੇ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ ਮਨੁੱਖੀ ਤਸਕਰੀ ਦੇ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਦਲੇਰ ਮਹਿੰਦੀ ਨੇ ਸਜ਼ਾ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਜਿੱਥੇ ਹਾਈਕੋਰਟ ਨੇ ਜ਼ਮਾਨਤ ਦੇ ਕੇ ਉਸਦੀ ਸਜ਼ਾ 'ਤੇ ਰੋਕ ਲਗਾ ਦਿੱਤੀ। ਹੁਣ ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਵਿੱਚ ਜਾਰੀ ਰਹੇਗੀ।

ਕੀ ਹੈ ਪੂਰਾ ਮਾਮਲਾ 

ਇਸ ਮਾਮਲੇ ਦੀ ਗੱਲ ਕਰੀਏ ਤਾਂ ਦਲੇਰ ਮਹਿੰਦੀ ਦੇ ਖਿਲਾਫ 2003 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ 'ਤੇ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਦੋਸ਼ ਸੀ। ਕਿਹਾ ਗਿਆ ਸੀ ਕਿ ਦਲੇਰ ਮਹਿੰਦੀ ਨੇ ਅਜਿਹਾ ਕਰਨ ਲਈ ਲੋਕਾਂ ਤੋਂ ਮੋਟੀ ਰਕਮ ਵਸੂਲੀ ਸੀ। 1998 ਅਤੇ 1999 ਦੇ ਵਿਚਕਾਰ ਦਲੇਰ ਮਹਿੰਦੀ ਨੇ ਸੈਨ ਫਰਾਂਸਿਸਕੋ ਅਤੇ ਨਿਊਜਰਸੀ ਵਿੱਚ ਘੱਟੋ-ਘੱਟ 10 ਲੋਕਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਛੱਡ ਦਿੱਤਾ ਸੀ। ਇਸ ਤੋਂ ਬਾਅਦ ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲਾ ਦਰਜ ਹੋਣ ਤੋਂ ਬਾਅਦ ਦੋਵਾਂ ਭਰਾਵਾਂ ਖਿਲਾਫ ਕਰੀਬ 35 ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਦੋਵੇਂ ਭਰਾ ਲੋਕਾਂ ਨੂੰ ਵਿਦੇਸ਼ ਲਿਜਾਣ ਲਈ 1 ਕਰੋੜ ਰੁਪਏ ਪੈਸੇ ਵਸੂਲਦੇ ਸਨ ਪਰ ਲੋਕਾਂ ਦੀਆਂ ਸ਼ਿਕਾਇਤਾਂ ਅਨੁਸਾਰ ਇਹ ਸੌਦਾ ਕਦੇ ਵੀ ਪੱਕਾ ਨਹੀਂ ਹੋਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਉਸ ਦੇ ਭਰਾ ਸ਼ਮਸ਼ੇਰ ਸਿੰਘ ਦੀ 2017 ਵਿੱਚ ਮੌਤ ਹੋ ਗਈ ਸੀ। 2018 ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ।