ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।ਸਿੱਧੂ ਨੇ ਕਿਹਾ ਕਿ ਉਨ੍ਹਾਂ ਸ਼ਰਾਬ ਅਤੇ ਰੇਤ ਮਾਫੀਆ ਸਣੇ ਪੰਜਾਬ ਦੇ ਕਈ ਅਹਿਮ ਮੁੱਦਿਆਂ 'ਤੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ।ਸਿੱਧੂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵਿੱਚ ਕੋਈ ਹੰਕਾਰ ਨਹੀਂ ਉਹ ਅੱਜ ਵੀ ਉਸੇ ਤਰ੍ਹਾਂ ਦਾ ਹੈ ਜਿਵੇਂ ਉਹ ਸਾਲਾਂ ਪਹਿਲਾਂ ਸੀ।


ਨਵਜੋਤ ਸਿੱਧੂ ਅਤੇ ਭਗਵੰਤ ਮਾਨ ਦੀ ਮੁਲਾਕਾਤ ਨੂੰ ਲੈ ਕੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਨਜ਼ ਕੱਸਿਆ। ਜਿਸ ਮਗਰੋਂ ਅਕਾਲੀ ਦਲ ਨੇ 'ਆਪ' ਨੂੰ ਘੇਰਨ ਵਿੱਚ ਦੇਰ ਨਾ ਲਾਈ।


ਅਕਾਲੀ ਦਲ ਦੇ ਆਗੂ ਦਿਲਜੀਤ ਚੀਮਾ ਨੇ ਟਵੀਟ ਕਰਕੇ ਪੁੱਛਿਆ ਕਿ ਨਵਜੋਤ ਸਿੱਧੂ ਅਤੇ ਭਗਵੰਤ ਮਾਨ ਵਿਚਾਲੇ ਤੈਅ ਹੋਈ ਮੀਟਿੰਗ ਤੋਂ ਪਹਿਲਾਂ ਟ੍ਰਾਂਸਪੋਰਟ ਮੰਤਰੀ ਵੱਲੋਂ ਕੀਤੀ ਟਿੱਪਣੀ ਪ੍ਰੋਟੋਕੋਲ ਦੀ ਉਲੰਘਣਾ ਹੈ ਅਤੇ ਸਿੱਧੂ ਦਾ ਅਪਮਾਨ ਵੀ।ਚੀਮਾ ਨੇ ਕਿਹਾ "ਭਗਵੰਤ ਮਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਸ ਨੇ ਮੰਤਰੀ ਨੂੰ ਉਸਦੇ ਮਹਿਮਾਨ ਦਾ ਅਪਮਾਨ ਕਰਨ ਦਾ ਨਿਰਦੇਸ਼ ਦਿੱਤਾ। ਉਸਨੇ ਖੁਦ ਜਾਂ ਉਸਦਾ ਬੌਸ ਅਰਵਿੰਦ ਕੇਜਰੀਵਾਲ ਨੇ।"


ਸਿੱਧੂ ਨੇ ਕਿਹਾ, "ਮੈਂ ਪੰਜਾਬ ਲਈ ਇੱਥੇ ਆਇਆ ਹਾਂ।ਮੁੱਖ ਮੰਤਰੀ 'ਚ ਕੋਈ ਹਉਮੈ ਨਹੀਂ ਹੈ।ਉਹ ਅੱਜ ਵੀ ਉਸੇ ਤਰ੍ਹਾਂ ਹੈ ਜਿਵੇਂ ਉਹ ਸਾਲਾਂ ਪਹਿਲਾਂ ਸੀ।ਉਹ ਬਹੁਤ ਹੀ ਨਿਮਰ ਹੈ।ਬਹੁਤ ਸਾਰੇ ਲੋਕਾਂ ਨੂੰ ਵੀ ਦਰਦ ਹੈ ਜਿਨ੍ਹਾਂ ਨਾਲ ਮੈਂ ਪਿਛਲੇ 7 ਸਾਲਾਂ ਤੋਂ ਲੜ ਰਿਹਾ ਹਾਂ।ਸਿਆਸਤਦਾਨ ਠੇਕੇਦਾਰੀ ਸਿਸਟਮ ਦੇ ਪਿੱਛੇ ਖੜ੍ਹੇ ਹਨ। ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ।ਪਰ ਮੈਂ ਦੇਖ ਸਕਦਾ ਹਾਂ...ਪੰਜਾਬ ਨੂੰ ਲੁੱਟਣ ਵਾਲੇ ਹੁਣ ਸਮਾਂ ਦੇਖ ਲੈਣਗੇ"


ਸਿੱਧੂ ਨੇ ਕਿਹਾ ਕਿ ,"ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਠੇਕੇਦਾਰੀ ਵਾਲਾ ਸਿਸਟਮ ਖ਼ਤਮ ਕਰਨ ਤਾਂ ਜੋ ਪੰਜਾਬ ਆਪਣੇ ਪੈਰਾਂ 'ਤੇ ਹੋ ਸਕੇ।" 


ਇਸ ਤੋਂ ਇਲਾਵਾ ਸਿੱਧੂ ਨੇ ਰੇਤ ਅਤੇ ਸ਼ਰਾਬ ਮਾਫੀਆ ਬਾਰੇ ਵੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ।ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਚੀਜ਼ਾਂ ਨੂੰ ਲਾਗੂ ਨਹੀਂ ਕਰਦੇ।ਸਿੱਧੂ ਨੇ ਕਿਹਾ, "ਜੇ ਉਹ ਇਹ ਕਰਕੇ ਦਿਖਾ ਦਿੰਦੇ ਹਨ ਤਾਂ ਮੈਂ ਉਨ੍ਹਾਂ ਦੀ ਤਾਰੀਫ ਵੀ ਕਰਾਂਗਾ।"


ਭਗਵੰਤ ਮਾਨ ਨੂੰ ਅਪੀਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ, "ਉਹਨਾਂ ਨੂੰ ਸਜ਼ਾ ਦਿਓ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ।ਮੈਂਨੂੰ ਪੂਰੀ ਉਮੀਦ ਹੈ ਕਿ ਉਹ ਅਜਿਹਾ ਕਰਨਗੇ। ਮੈਂਨੂੰ ਇਹ ਵੀ ਉਮੀਦ ਹੈ ਕਿ ਉਹ ਮਨੋਪਲੀ ਨੂੰ ਤੋੜਨਗੇ।"


ਸਿੱਧੂ ਨੇ ਮੁੱਖ ਮੰਤਰੀ ਦੀ ਤਾਰੀਫ ਕਰਦੇ ਕਿਹਾ, "ਮੈਂਨੂੰ ਇੰਝ ਲੱਗਾ ਕਿ ਮੈਂ ਮੁੱਖ ਮੰਤਰੀ ਨੂੰ ਨਹੀਂ ਮਿਲਿਆ, ਕਿਉਂਕਿ ਉਸਦੇ ਦਿਲ ਵਿੱਚ ਵੀ ਪੰਜਾਬ ਲਈ ਉਹੀ ਦਰਦ ਹੈ ਜੋ ਮੇਰੇ ਦਿਲ ਵਿੱਚ ਹੈ।"