Farmers Protest: ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਅੰਦੋਲਨ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਕਿਸਾਨਾਂ ਦੇ ਆਪ ਮੁਹਾਰੇ ਕਾਫਲੇ ਪੰਜਾਬ-ਹਰਿਆਣਾ ਦੇ ਖਨੌਰੀ ਤੇ ਸ਼ੰਭੂ ਬਾਰਡਰਾਂ ਉਪਰ ਪਹੁੰਚਣ ਲੱਗੇ ਹਨ। ਇਸ ਸਭ ਦੌਰਾਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਹਮਾਇਤ ਮਿਲਣ ਲੱਗੀ ਹੈ। ਇਸ ਲਈ ਐਸਕੇਐਮ ਦੇ ਵੱਡੇ ਆਗੂ 13 ਦਸੰਬਰ ਨੂੰ ਖਨੌਰੀ ਬਾਰਡਰ ਉੱਤੇ ਪਹੁੰਚਣਗੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਤੇ ਹਰਿੰਦਰ ਲੱਖੋਵਾਲ ਖਨੌਰੀ ਬਾਰਡਰ ਪਹੁੰਚਣਗੇ ਤੇ ਜਗਜੀਤ ਸਿੰਘ ਡੱਲ਼ੇਵਾਲ ਨਾਲ ਗੱਲਬਾਤ ਕਰਨਗੇ। 


ਉਧਰ, ਸਿਆਸੀ ਧਿਰਾਂ ਦੇ ਲੀਡਰ ਵੀ ਕਿਸਾਨਾਂ ਨਾਲ ਡਟ ਗਏ ਹਨ। ਵਿਰਸਾ ਸਿੰਘ ਵਲਟੋਹਾ ਨੇ ਡੱਲੇਵਾਲ ਦੀ ਹਾਲਤ ਦਾ ਹਵਾਲਾ ਦਿੰਦਿਆਂ ਸਰਕਾਰਾਂ ਨੂੰ ਕੋਸਿਆ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰੀ ਰਵੱਈਏ ਉਪਰ ਸਵਾਲ ਉਠਾਏ ਹਨ। ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ। 


 



ਵਿਰਸਾ ਸਿੰਘ ਵਲਟੋਹਾ ਨੇ ਆਪਣੇ ਫੇਸਬੁੱਕ ਪੇਜ ਉਪਰ ਲਿਖਿਆ.....



ਸਤਿਕਾਰਯੋਗ ਭਾਊ ਡੱਲੇਵਾਲ ਜੀ !


ਤੇਰਾ ਕਿਸਾਨੀ ਲਈ ਦਰਦ, ਤੇਰਾ ਕਿਸਾਨੀ ਲਈ ਸੰਘਰਸ਼ ਤੇ ਤੇਰਾ ਸਿਰੜ ਤੇ ਸਿੱਦਕ ਸੰਘਰਸ਼ੀ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ। ਦੁੱਖ ਦਾ ਵਰਤਾਰਾ ਹੈ ਕਿ ਮਰਣਾ ਮਿੱਥ ਕੇ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਦੀ ਸੰਵੇਦਨਹੀਣਤਾ ਨੂੰ ਜਾਹਿਰ ਕਰਦਾ ਹੋਇਆ ਏਨਾਂ ਦੋਨਾਂ ਸਰਕਾਰਾਂ ਲਈ ਤੁਹਾਡਾ ਤਿਲ ਤਿਲ ਕਰਕੇ ਮਰਣਾ ਵੀ ਰੁਟੀਨ ਦਾ ਮਸਲਾ ਨਜਰ ਆ ਰਿਹਾ ਹੈ। ਏਨਾਂ ਹਾਕਮਾਂ ਦੀ ਸਿਹਤ ਉੱਤੇ ਕੋਈ ਅਸਰ ਨਹੀਂ। ਰੱਬ ਨਾਂ ਕਰੇ ਜੇ ਤੁਸੀਂ ਕਿਸਾਨੀ ਸੰਘਰਸ਼ ਦੇ ਲੇਖੇ ਲੱਗ ਗਏ ਤਾਂ ਇਹ ਦੋਵੇਂ ਸਰਕਾਰਾਂ ਇਸ ਵਰਤਾਰੇ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾਕੇ ਕੇਵਲ ਸਿਆਸਤ ਹੀ ਕਰਨਗੇ। ਮੇਰੀ ਹੱਥ ਬੰਨ੍ਹਕੇ ਡੱਲੇਵਾਲ ਸਾਬ ਨੂੰ ਬੇਨਤੀ ਹੈ ਕਿ ਤੁਹਾਡੀ ਪੰਜਾਬ ਤੇ ਕਿਸਾਨ ਭਾਈਚਾਰੇ ਨੂੰ ਬਹੁਤ ਜਰੂਰਤ ਹੈ। ਮੈਂ ਦੋਨਾਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਕਿਸਾਨੀ ਮਸਲਿਆਂ ਦਾ ਹੱਲ ਕਰਦਿਆਂ ਸ.ਡੱਲੇਵਾਲ ਵਰਗੀ ਜਿੰਦਗੀ ਬਚਾਉਣ ਲਈ ਤੁਰੰਤ ਕਦਮ ਚੁੱਕਣ।






 


ਇਸੇ ਤਰ੍ਹਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲਿਖਿਆ...



ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਸ਼ੁਰੂ ਕੀਤੇ ਗਏ ਮਰਨ-ਵਰਤ ਦਾ ਅੱਜ 16ਵਾਂ ਦਿਨ ਸੀ। ਉਹ ਕੈਂਸਰ ਦੇ ਮਰੀਜ਼ ਵੀ ਹਨ। ਉਹਨਾਂ ਦੀ ਵਿਗੜ ਰਹੀ ਸਿਹਤ ਬਾਰੇ ਸੁਣ ਕੇ ਬਹੁਤ ਚਿੰਤਾ ਹੋ ਰਹੀ ਹੈ। ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਮੰਨੀਆਂ ਜਾਣ, ਤਾਂ ਜੋ ਉਹਨਾਂ ਦੀ ਜ਼ਿੰਦਗੀ ਅਤੇ ਸਿਹਤ ਨੂੰ ਹੋਰ ਨੁਕਸਾਨ ਨਾ ਪਹੁੰਚੇ।
ਕਿਸਾਨਾਂ-ਮਜ਼ਦੂਰਾਂ ਲਈ ਲੜਨ ਵਾਲੇ ਆਗੂਆਂ ਦੀ ਸਾਡੇ ਕੋਲ ਪਹਿਲਾਂ ਹੀ ਬਹੁਤ ਕਮੀ ਹੈ ਅਤੇ ਅਜਿਹੇ ਆਗੂ ਸਾਨੂੰ ਦੁਬਾਰਾ ਨਹੀਂ ਮਿਲਣਗੇ।
ਪ੍ਰਮਾਤਮਾ ਅੱਗੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ 🙏 #FarmersProtest2024



 



ਸੁਖਪਾਲ ਖਹਿਰਾ ਨੇ ਕਿਹਾ....ਦੋਸਤੋ, ਜਗਜੀਤ ਸਿੰਘ ਡੱਲੇਵਾਲ ਤੇ ਪੰਜਾਬ ਲਈ ਸੰਘਰਸ਼ ਕਰ ਰਹੇ ਸਾਰੇ ਕਿਸਾਨਾਂ ਦੀ ਤੰਦਰੁਸਤੀ ਲਈ ਮੈਂ ਵਾਹਿਗੁਰੂ ਅੱਗੇ ਦਿਲੋਂ ਅਰਦਾਸ ਕਰਦਾ ਹਾਂ।