Punjab News: ਸਾਬਕਾ ਕਾਂਗਰਸੀ ਵਿਧਾਇਕ ਅਤੇ ਨੌਜਵਾਨ ਆਗੂ ਦਲਬੀਰ ਗੋਲਡੀ (Dalvir Goldy) ਫਿਰ ਤੋਂ ਪੰਜਾਬ ਕਾਂਗਰਸ ਵਿੱਚ ਵਾਪਸ ਆ ਗਏ ਹਨ। ਇਸ ਲਈ ਪਿਛਲੇ ਕਈ ਦਿਨਾਂ ਤੋਂ ਯਤਨ ਕੀਤੇ ਜਾ ਰਹੇ ਸਨ, ਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪਾਰਟੀ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕਮਤ ਨਹੀਂ ਸਨ ਪਰ ਹੁਣ ਦੋਵਾਂ ਸਾਹਮਣੇ ਉਹ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਦੱਸ ਦਈਏ ਕਿ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਸ਼ਨਿੱਚਰਵਾਰ ਨੂੰ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦੀ ਮੌਜੂਦਗੀ ਵਿੱਚ ਮੁੜ ਕਾਂਗਰਸ ’ਚ ਸ਼ਾਮਲ ਹੋਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਵੜਿੰਗ ਨੇ ਐਕਸ ਪੋਸਟ ਸਾਂਝੀ ਕਰਦਿਆਂ ਕਿਹਾ, “ਛੋਟੇ ਭਰਾ ਗੋਲਡੀ ਜੀ ਦਾ ਪਾਰਟੀ ਵਿਚ ਤਹਿ ਦਿਲੋਂ ਸਵਾਗਤ ਹੈ। ਉਹ ਅੱਜ ਜਨਰਲ ਸਕੱਤਰ ਅਤੇ ਸੂਬਾ ਇੰਚਾਰਜ ਭੁਪੇਸ਼ ਬਘੇਲ ਜੀ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਜੀ ਦੀ ਮੌਜੂਦਗੀ ਵਿੱਚ ਰਸਮੀ ਤੌਰ ’ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।’’

ਦਲਵੀਰ ਗੋਲਡੀ ਪਿਛਲੇ ਸਾਲ ਮਈ ਵਿਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ ਸਨ। 2024 ਦੀਆਂ ਲੋਕ ਸਭਾ ਚੋਣਾਂ ਲਈ ਸੰਗਰੂਰ ਲੋਕ ਸਭਾ ਸੀਟ ਤੋਂ ਪਾਰਟੀ ਟਿਕਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਗੋਲਡੀ ਕੁਝ ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਤੋਂ ਵੀ ਵੱਖ ਹੋ ਗਿਆ ਸੀ।

ਦੱਸ ਦਈਏ ਕਿ ਦਲਬੀਰ ਗੋਲਡੀ ਨੇ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜੀ ਸੀ ਤੇ ਹਾਰ ਗਏ ਸਨ। ਬਾਅਦ ਵਿੱਚ, ਸੰਗਰੂਰ ਲੋਕ ਸਭਾ ਤੋਂ ਸੀਟ ਨਾ ਮਿਲਣ ਕਾਰਨ, ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪਰ ਇੱਥੇ ਵੀ ਉਸਦਾ ਜਲਦੀ ਹੀ ਮੋਹ ਭੰਗ ਹੋ ਗਿਆ।ਪਿਛਲੀ ਵਾਰ ਚਾਰ ਸੀਟਾਂ 'ਤੇ ਹੋਈਆਂ ਉਪ ਚੋਣਾਂ ਦੌਰਾਨ ਗੋਲਡੀ ਨੇ ਗਿੱਦੜਬਾਹਾ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਲਈ ਪ੍ਰਚਾਰ ਕੀਤਾ ਸੀ, ਜਿਸ ਤੋਂ ਇਹ ਪੁਸ਼ਟੀ ਹੋਈ ਸੀ ਕਿ ਉਹ ਜਲਦੀ ਹੀ ਕਾਂਗਰਸ ਵਿੱਚ ਵਾਪਸ ਆ ਸਕਦੇ ਹਨ।

ਹਾਲਾਂਕਿ, ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਪੁੱਛੇ ਬਿਨਾਂ ਪਾਰਟੀ ਵਿੱਚ ਇੱਕ ਪੱਤਾ ਵੀ ਨਹੀਂ ਹਿੱਲਦਾ ਪਰ ਹੁਣ ਦਲਵੀਰ ਗੋਲਡੀ ਮੁੜ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।