ਚੰਡੀਗੜ੍ਹ:  ਪੰਜਾਬ 'ਚ ਕੋਵਿਡ ਦੇ ਓਮੀਕ੍ਰੋਨ ਵੇਰੀਐਂਟ ਦਾ ਖ਼ਤਰਾ ਬਰਕਰਾਰ ਹੈ। ਪਿਛਲੇ 11 ਦਿਨਾਂ 'ਚ ਸੂਬੇ ਵਿੱਚ 64 ਕਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਤੇ 16 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਬਾਵਜੂਦ ਸਰਕਾਰ ਰੋਜ਼ਾਨਾ ਟੈਸਟ ਕਰਵਾਉਣ ਦੇ ਟੀਚੇ ਪੂਰੇ ਨਹੀਂ ਪਾ ਰਹੀ। ਸਰਕਾਰ ਨੇ ਰੋਜ਼ਾਨਾ 40 ਹਜ਼ਾਰ ਟੈਸਟ ਕਰਵਾਉਣ ਦਾ ਦਾਅਵਾ ਕੀਤਾ ਸੀ, ਪਰ ਸ਼ਨੀਵਾਰ ਤਕ ਇਨ੍ਹਾਂ ਦੀ ਗਿਣਤੀ 17 ਹਜ਼ਾਰ ਸੀ।



ਇਹ ਸਥਿਤੀ ਉਸ ਸਮੇਂ ਦੀ ਹੈ ਜਦੋਂ ਇਟਲੀ ਤੋਂ ਪਰਤੇ 3 ਯਾਤਰੀ ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਪੌਜ਼ੇਟਿਵ ਪਾਏ ਗਏ। ਹਾਲਾਂਕਿ ਇਨ੍ਹਾਂ 'ਚ ਓਮੀਕ੍ਰੋਨ ਵੇਰੀਐਂਟ ਦੀ ਅਜੇ ਪੁਸ਼ਟੀ ਨਹੀਂ ਹੋਈ ਪਰ ਸਰਕਾਰ ਨੇ ਜੀਨੋਮ ਸੀਕਵੈਂਸਿੰਗ ਟੈਸਟ ਲਈ ਉਨ੍ਹਾਂ ਦੇ ਸੈਂਪਲ ਦਿੱਲੀ ਭੇਜ ਦਿੱਤੇ ਹਨ। ਪੰਜਾਬ ਵਿੱਚ ਪਰਵਾਸੀ ਭਾਰਤੀਆਂ ਦਾ ਆਉਣਾ-ਜਾਣਾ ਵੱਧ ਹੈ, ਇਸ ਲਈ ਸੂਬੇ ਵਿੱਚ ਓਮੀਕ੍ਰੋਨ ਦਾ ਖਤਰਾ ਬਰਕਰਾਰ ਹੈ।

ਪੰਜਾਬ 'ਚ 30 ਨਵੰਬਰ ਦੀ ਸ਼ਾਮ ਤਕ ਕੋਰੋਨਾ ਦੇ 325 ਐਕਟਿਵ ਕੇਸ ਸਨ, ਜੋ ਹੁਣ 11 ਦਸੰਬਰ ਤਕ ਵੱਧ ਕੇ 389 ਹੋ ਗਏ ਹਨ। ਇਨ੍ਹਾਂ 11 ਦਿਨਾਂ 'ਚ ਕੋਵਿਡ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। 30 ਨਵੰਬਰ ਤਕ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹਜ਼ਾਰ 602 ਸੀ, ਜੋ ਹੁਣ ਵਧ ਕੇ 16 ਹਜ਼ਾਰ 618 ਹੋ ਗਈ ਹੈ।

ਪੰਜਾਬ 'ਚ ਹੁਣ ਤਕ ਕੋਵਿਡ ਦੇ 6 ਲੱਖ 3 ਹਜ਼ਾਰ 697 ਮਰੀਜ਼ ਪਾਏ ਗਏ ਹਨ, ਜਿਨ੍ਹਾਂ 'ਚੋਂ 5 ਲੱਖ 86 ਹਜ਼ਾਰ 690 ਮਰੀਜ਼ ਠੀਕ ਹੋ ਚੁੱਕੇ ਹਨ। 16 ਹਜ਼ਾਰ 618 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਵੀ 30 ਮਰੀਜ਼ ਆਕਸੀਜਨ 'ਤੇ ਹਨ ਤੇ 10 ਆਈਸੀਯੂ ਮਤਲਬ ਕੁੱਲ 40 ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ।

ਕੋਵਿਡ ਵੈਕਸੀਨ ਦੀ ਦੂਜੀ ਖੁਰਾਕ 'ਚ ਪੰਜਾਬ ਪੱਛੜ ਗਿਆ ਹੈ। ਪੰਜਾਬ 'ਚ ਹੁਣ ਤਕ 2 ਕਰੋੜ 51 ਲੱਖ 76 ਹਜ਼ਾਰ 557 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਨ੍ਹਾਂ 'ਚੋਂ 1 ਕਰੋੜ 68 ਲੱਖ 2 ਹਜ਼ਾਰ 666 ਲੋਕਾਂ ਨੇ ਪਹਿਲੀ ਖੁਰਾਕ ਲਈ ਹੈ। ਦੂਜੀ ਖੁਰਾਕ ਲੈਣ ਵਾਲਿਆਂ 'ਚ ਸਿਰਫ਼ 83 ਲੱਖ 73 ਹਜ਼ਾਰ 891 ਲੋਕ ਹਨ।

ਸਿਹਤ ਮੰਤਰਾਲੇ ਦੀ ਦੇਖ-ਰੇਖ ਕਰ ਰਹੇ ਡਿਪਟੀ ਸੀਐਮ ਓਪੀ ਸੋਨੀ ਨੇ ਕਿਹਾ ਕਿ ਓਮੀਕ੍ਰੋਨ ਨਾਲ ਨਜਿੱਠਣ ਲਈ ਅੰਮ੍ਰਿਤਸਰ ਤੇ ਮੋਹਾਲੀ ਹਵਾਈ ਅੱਡਿਆਂ 'ਤੇ ਟੈਸਟ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਏਅਰਪੋਰਟ 'ਤੇ ਮਾਂ-ਧੀ ਪਾਜ਼ੀਟਿਵ ਪਾਏ ਗਏ ਹਨ।

ਉਨ੍ਹਾਂ ਦੇ ਸੈਂਪਲ ਜਾਂਚ ਲਈ ਦਿੱਲੀ ਭੇਜੇ ਗਏ ਹਨ ਤਾਂ ਜੋ ਓਮੀਕ੍ਰੋਨ ਵੇਰੀਐਂਟ ਦੀ ਪੁਸ਼ਟੀ ਹੋ ਸਕੇ। ਪੰਜਾਬ ਅਜੇ ਵੀ ਤੀਜੀ ਲਹਿਰ ਤੋਂ ਬਚਿਆ ਹੋਇਆ ਹੈ। 2 ਦਿਨ ਪਹਿਲਾਂ ਮੁੱਖ ਮੰਤਰੀ ਨੇ ਇਕ ਮੀਟਿੰਗ ਕੀਤੀ ਸੀ, ਜਿਸ 'ਚ ਸਾਰੇ ਜ਼ਿਲ੍ਹਿਆਂ ਨੂੰ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।



ਇਹ ਵੀ ਪੜ੍ਹੋ Teacher Protest : ਮਾਨਸਾ 'ਚ ਅਧਿਆਪਕਾਂ ਤੇ ਹੋਏ ਲਾਠੀਚਾਰਜ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/



 https://apps.apple.com/in/app/811114904