ਅਨਿਲ ਜੈਨ ਦੀ ਰਿਪੋਰਟ


Sangrur news: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਨਿਯਮਾਂ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਵਰਤੀ ਜਾਵੇ।


ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਤੇ ਸੇਫ਼ ਸਕੂਲ ਵਾਹਨ ਪਾਲਸੀ ਤਹਿਤ ਵੱਖ-ਵੱਖ ਨੁਕਤਿਆਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ’ਤੇ ਚੱਲਣ ਵਾਲੇ ਰਾਹਗੀਰਾਂ ਦੀ ਜਾਨ ਮਾਲ ਦੀ ਰਾਖੀ ਲਈ ਬਣੇ ਕਾਨੂੰਨਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ। ਜੇਕਰ ਕੋਈ ਵੀ ਵਾਹਨ ਚਾਲਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਚਾਲਕ ਰਾਸ਼ਟਰੀ ਜਾਂ ਰਾਜ ਮਾਰਗ ’ਤੇ ਤੇਜ਼ ਰਫ਼ਤਾਰ ਵਾਹਨ ਚਲਾਉਂਦਾ ਹੈ ਜਾਂ ਓਵਰਲੋਡ, ਓਵਰਹਾਈਟ ਜਾਂ ਆਵਾਜ਼ ਪ੍ਰਦੂਸ਼ਣ ਆਦਿ ਨਾਲ ਨਿਯਮ ਤੋੜਦਾ ਹੈ ਤਾਂ ਉਹ ਯਕੀਨੀ ਤੌਰ ’ਤੇ ਸਜ਼ਾ ਦਾ ਹੱਕਦਾਰ ਹੈ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਸਕੂਲੀ ਵਾਹਨਾਂ ਦੀ ਨਿਰੰਤਰ ਜਾਂਚ ਪੜਤਾਲ ਨੂੰ ਯਕੀਨੀ ਬਣਾਉਣ ਅਤੇ ਹਰ ਪੱਖ ਤੋਂ ਸਕੂਲੀ ਵਾਹਨਾਂ ਨੂੰ ਦਰੁਸਤ ਕਰਵਾਉਣ ਲਈ ਸਮੇਂ-ਸਮੇਂ ’ਤੇ ਸਕੂਲ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਜੇਕਰ ਕੋਈ ਸਕੂਲ ਪ੍ਰਬੰਧਕ ਅਣਗਹਿਲੀ ਕਰਦਾ ਪਾਇਆ ਜਾਵੇ ਤਾਂ ਨਿਯਮ ਮੁਤਾਬਕ ਸਕੂਲ ਵਾਹਨ ਨੂੰ ਜ਼ਬਤ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ: ਇਨ੍ਹਾਂ 5 ਚੀਜ਼ਾਂ ਨੂੰ ਬਾਸੀ ਖਾਣ ਤੋਂ ਬਚੋ, ਸਰੀਰ 'ਤੇ ਪੈ ਸਕਦਾ ਬੂਰਾ ਅਸਰ, ਜਾਣੋ ਇਨ੍ਹਾਂ ਭੋਜਨਾਂ ਬਾਰੇਇਨ੍ਹਾਂ 5 ਚੀਜ਼ਾਂ ਨੂੰ ਬਾਸੀ ਖਾਣ ਤੋਂ ਬਚੋ, ਸਰੀਰ 'ਤੇ ਪੈ ਸਕਦਾ ਬੂਰਾ ਅਸਰ, ਜਾਣੋ ਇਨ੍ਹਾਂ ਭੋਜਨਾਂ ਬਾਰੇ


ਜੋਰਵਾਲ ਨੇ ਐਸਡੀਐਮਜ਼, ਸਕੱਤਰ ਆਰਟੀਏ , ਮੋਟਰ ਵਹੀਕਲ ਇੰਸਪੈਕਟਰ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਅਤੇ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਅਜਿਹੀ ਚੈਕਿੰਗ ਲਈ ਨਿਰੰਤਰ ਸਰਗਰਮ ਰਹਿਣ ਦੀ ਹਦਾਇਤ ਕੀਤੀ ਤਾਂ ਜੋ ਸੇਫ਼ ਸਕੂਲ ਵਾਹਨ ਪਾਲਸੀ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਸਫ਼ਲਤਾ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ।


ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ’ਤੇ ਅਜਿਹੇ ਏਰੀਏ ਦੀ ਪਛਾਣ ਕੀਤੀ ਜਾਵੇ ਜਿਥੇ ਕਿ ਸੜਕ ਦੁਰਘਟਨਾਵਾਂ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਤਾਂ ਜੋ ਲੋੜ ਮੁਤਾਬਕ ਆਵਾਜਾਈ ਸੰਕੇਤ ਜਾਂ ਅਜਿਹੀ ਹੀ ਹੋਰ ਵਿਵਸਥਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਡਿਵਾਈਡਰ ’ਤੇ ਲੱਗੇ ਬੂਟਿਆਂ ਦੀ ਨਿਰੰਤਰ ਢੁਕਵੀਂ ਕਟਾਈ ਕਰਦੇ ਰਹਿਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਸੰਘਣੇ ਬੂਟੇ ਕਿਸੇ ਵੀ ਢੰਗ ਨਾਲ ਆਵਾਜਾਈ ਵਿੱਚ ਵਿਘਨ ਨਾ ਪਾਉਣ।


ਡਿਪਟੀ ਕਮਿਸ਼ਨਰ ਵੱਲੋਂ ਟਰੱਕ ਯੂਨੀਅਨਾਂ ਅਤੇ ਟੈਕਸੀ ਯੂਨੀਅਨਾਂ ਵਿਖੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਅਤੇ ਅੱਖਾਂ ਦੀ ਨਿਯਮਤ ਜਾਂਚ ਲਈ ਮੈਡੀਕਲ ਕੈਂਪ ਲਗਾਉਣ ਦੀ ਹਦਾਇਤ ਵੀ ਕੀਤੀ ਗਈ। ਉਨ੍ਹਾਂ ਹਸਪਤਾਲਾਂ ਦੇ ਬਾਹਰ ਅਤੇ ਬਜ਼ਾਰਾਂ ਵਿੱਚ ਭੀੜ ਨੂੰ ਨਿਯੰਤਰਿਤ ਕਰਨ ਲਈ ਪਾਰਕਿੰਗ ਵਿਵਸਥਾ ਨੂੰ ਸੁਚਾਰੂ ਬਣਾਉਣ ਦੀ ਹਦਾਇਤ ਕੀਤੀ।


ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਸਕੱਤਰ ਆਰ.ਟੀ.ਏ-ਕਮ-ਐਸ.ਡੀ.ਐਮ ਭਵਾਨੀਗੜ੍ਹ ਡਾ. ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਡੀ.ਐਸ.ਪੀ ਟਰੈਫਿਕ ਸੁਖਵਿੰਦਰਪਾਲ ਸਿੰਘ, ਜ਼ਿਲ੍ਹਾ ਇੰਚਾਰਜ ਟਰੈਫਿਕ ਪਵਨ ਸ਼ਰਮਾ, ਇੰਚਾਰਜ ਟਰੈਫਿਕ ਸੈਲ ਹਰਦੇਵ ਸਿੰਘ ਤੋਂ ਇਲਾਵਾ ਸਿੱਖਿਆ ਵਿਭਾਗ, ਨਗਰ ਕੌਂਸਲ, ਲੋਕ ਨਿਰਮਾਣ ਵਿਭਾਗ ਬੀ ਐਂਡ ਆਰ, ਨੈਸ਼ਨਲ ਹਾਈਵੇ ਅਥਾਰਟੀ ਦੇ ਨੁਮਾਇੰਦੇ ਵੀ ਹਾਜ਼ਰ ਸਨ।