ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਭਰ 'ਚ ਹਾਲੇ ਵੀ ਜਾਰੀ ਹੈ। ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਵਾਪਸ ਲੈਣ ਨੂੰ ਤਿਆਰ ਨਹੀਂ। ਖੇਤੀ ਕਾਨੂੰਨਾਂ ਵਿਰੁੱਧ ਇਸ ਲਹਿਰ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਇਕਜੁੱਟ ਵੀ ਕੀਤਾ ਹੈ। ਇਸ ਅੰਦੋਲਨ ਦਾ ਕੇਵਲ ਕਿਸਾਨ ਹੀ ਨਹੀਂ ਮਜ਼ਦੂਰ, ਅੜ੍ਹਤੀਏ, ਨੌਜਵਾਨ, ਪੰਜਾਬੀ ਗਾਇਕ ਤੇ ਅਦਾਕਾਰ ਵੀ ਹਿੱਸਾ ਬਣੇ ਹਨ ਜੋ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲਿਆ।

ਏਬੀਪੀ ਸਾਂਝਾ ਨਾਲ ਅਦਾਕਾਰ ਦੀਪ ਸਿੱਧੂ ਨੇ ਖਾਸ ਗੱਲਬਾਤ ਦੌਰਾਨ ਕਿਹਾ, "ਅਸੀਂ ਬਿਨਾਂ ਆਪਣੇ ਹੱਕ ਲਏ ਪਿੱਛੇ ਨਹੀਂ ਮੁੜਾਂਗੇ। ਭਾਵੇਂ ਸਾਡੀ ਲੜਾਈ ਲੰਬੀ ਹੈ, ਪਰ ਅਸੀਂ ਜਿੱਤਾਂਗੇ ਜ਼ਰੂਰ।"

ਦੱਸ ਦੇਈਏ ਕਿ ਦੀਪ ਸਿੱਧੂ ਕਾਫੀ ਦਿਨਾਂ ਤੋਂ ਸ਼ੰਭੂ ਮੋਰਚੇ ਦਾ ਹਿੱਸਾ ਬਣੇ ਹੋਏ ਹਨ। ਉਨ੍ਹਾਂ ਖੇਤੀ ਕਾਨੂੰਨਾਂ ਦੀ ਸਖ਼ਤ ਨਿੰਦਾ ਵੀ ਕੀਤਾ ਹੈ। ਉਨ੍ਹਾਂ ਕਿਹਾ, "ਪੰਜਾਬ ਲਈ ਹਮੇਸ਼ਾ ਖੜ੍ਹਾ ਰਹਾਂਗਾ। ਮੇਰੇ ਉੱਪਰ ਜਿੰਨੇ ਮਰਜ਼ੀ ਇਲਜ਼ਾਮ ਲੱਗਣ ਮੈਨੂੰ ਕੋਈ ਫਰਕ ਨਹੀਂ ਪੈਂਦਾ।"