Om Prakash Chautala Death: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਿਸਾਨ ਆਗੂ ਓਮ ਪ੍ਰਕਾਸ਼ ਚੌਟਾਲਾ (Om Prakash Chautala ) ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 89 ਸਾਲ ਦੀ ਉਮਰ 'ਚ ਗੁਰੂਗ੍ਰਾਮ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਇਸ ਤੋਂ ਬਾਅਦ ਸਿਆਸੀ ਲੀਡਰਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।


ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈਂ ਦੇਸ਼ ਦੇ ਦਿੱਗਜ ਸਿਆਸਤਦਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ । ਉਨ੍ਹਾਂ ਨੇ ਆਪਣੀ ਸਾਰੀ ਉਮਰ ਕਿਸਾਨਾਂ ਅਤੇ ਗਰੀਬਾਂ ਲਈ ਆਵਾਜ਼ ਉਠਾਈ । 


ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਅਜਿਹੇ ਸਮੇਂ ਵਿੱਚ ਹੋ ਜਾਣਾ ਜਦੋਂ ਸਾਡੇ ਕਿਸਾਨ ਇਨਸਾਫ਼ ਤੇ ਕਿਸਾਨੀ ਨੂੰ ਬਚਾਉਣ ਦੀ ਲੜਾਈ ਲੜ ਰਹੇ 

ਨੇ, ਸਮਾਜ ਲਈ ਅਤੇ ਖਾਸ ਕਰਕੇ ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਉਨ੍ਹਾਂ ਦਾ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ ।






ਸੁਖਬੀਰ ਨੇ ਲਿਖਿਆ, ਉਨ੍ਹਾਂ ਦਾ ਦੇਹਾਂਤ ਮੇਰੇ ਅਤੇ ਮੇਰੇ ਪਰਿਵਾਰ ਲਈ ਵੀ ਬਹੁਤ ਵੱਡਾ ਨਿੱਜੀ ਘਾਟਾ ਹੈ । ਮੈਂ ਉਨ੍ਹਾਂ ਵੱਲੋਂ ਮਿਲੇ ਤਜਰਬੇ ਅਤੇ ਮਾਰਗ ਦਰਸ਼ਨ ਨੂੰ ਹਮੇਸ਼ਾ ਯਾਦ ਰੱਖਾਂਗਾ । ਮੈਂ ਇਸ ਪੀੜਾ ਨੂੰ ਮਹਿਸੂਸ ਕਰ ਸਕਦਾ ਹਾਂ ਜਿਸ ਵਿੱਚੋਂ ਉਨ੍ਹਾਂ ਦਾ ਪਰਿਵਾਰ ਅਤੇ ਉਨ੍ਹਾਂ ਦੇ ਸਨੇਹੀ ਗੁਜ਼ਰ ਰਹੇ ਹੋਣਗੇ । ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।



ਦੱਸ ਦਈਏ ਕਿ  ਓਮਪ੍ਰਕਾਸ਼ ਚੌਟਾਲਾ ਦੇ ਪਿਤਾ ਚੌਧਰੀ ਦੇਵੀ ਲਾਲ ਦੋ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ ਪਹਿਲੀ ਵਾਰ 21 ਜੂਨ 1977 ਨੂੰ ਮੁੱਖ ਮੰਤਰੀ ਬਣੇ ਤੇ ਕਰੀਬ ਦੋ ਸਾਲ ਇਸ ਅਹੁਦੇ 'ਤੇ ਰਹੇ। ਫਿਰ ਉਹ 20 ਜੂਨ 1987 ਨੂੰ ਮੁੱਖ ਮੰਤਰੀ ਬਣੇ ਅਤੇ ਦੋ ਸਾਲ 165 ਦਿਨ ਇਸ ਅਹੁਦੇ 'ਤੇ ਰਹੇ। ਦੇਵੀ ਲਾਲ ਦੋ ਵਾਰ ਉਪ ਪ੍ਰਧਾਨ ਮੰਤਰੀ ਵੀ ਬਣੇ। ਉਹ ਨਵੰਬਰ 1990 ਤੋਂ ਜੂਨ 1991 ਤੱਕ ਅਤੇ ਫਿਰ ਦਸੰਬਰ 1989 ਤੋਂ ਅਗਸਤ 1990 ਤੱਕ ਇਸ ਅਹੁਦੇ 'ਤੇ ਰਹੇ।