ਚੰਡੀਗੜ੍ਹ: ਅਕਾਲੀ ਦਲ ਦੇ ਵਫਦ ਨੇ ਅੱਜ ਚੰਡੀਗੜ ਵਿਖੇ ਐਸ ਸੀ ਕਮੀਸ਼ਨ ਦੀ ਚੇਅਰਮੈਨ ਤੇਜਿੰਦਰ ਕੌਰ ਨਾਲ ਮੁਲਾਕਾਤ ਕੀਤੀ।ਅਕਾਲੀ ਦਲ ਨੇ ਸਾਂਸਦ ਰਵਨੀਤ ਬਿੱਟੂ ਖਿਲਾਫ ਐਸ ਸੀ ਕਮੀਸ਼ਨ ਕੋਲ ਸ਼ਿਕਾਇਤ ਦਿੱਤੀ ਸੀ। ਰਵਨੀਤ ਬਿੱਟੂ ਨੇ ਅਕਾਲੀ ਦਲ ਅਤੇ ਬੀਐਸਪੀ ਦੇ ਗਠਜੋੜ ਤੇ ਵਿਵਾਦਤ ਟਿੱਪਣੀ ਕੀਤੀ ਸੀ। 


ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਤੋਂ ਬਾਅਦ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ 12 ਜੂਨ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨ 'ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ।


ਇਸ ਪੋਸਟ 'ਚ ਰਵਨੀਤ ਬਿੱਟੂ ਨੇ ਕਿਹਾ ਸੀ, "ਅਕਾਲੀ ਦਲ ਖੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਪਰ ਗਠਜੋੜ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ 'ਪਵਿਤਰ' ਸੀਟਾਂ ਬੀਐਸਪੀ ਨੂੰ ਦੇ ਦਿੱਤੀਆਂ।"


ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੱਗਦਾ ਹੈ ਕਿ ਬੀਜੇਪੀ ਨਾਲ ਮਿਲ ਕੇ ਹਿੰਦੂ ਵੋਟਾਂ ਲੈ ਲਵਾਂਗੇ ਅਤੇ ਹੁਣ ਬੀਐਸਪੀ ਤੋਂ ਐਸਸੀ ਵੋਟਾਂ ਲੈ ਲਵਾਂਗੇ।


ਪਵਨ ਕੁਮਾਰ ਟੀਨੂੰ ਨੇ ਕਿਹਾ ਕਿ "ਰਵਨੀਤ ਬਿੱਟੂ ਦੀ ਮਾਨਸਿਕਤਾ ਸਿੱਖ ਫਲਸਫੇ ਦੇ ਖਿਲਾਫ ਹੈ। ਜਿਨ੍ਹਾਂ ਨੂੰ ਇਹ ਅਪਵਿੱਤਰ ਕਹਿ ਰਿਹਾ ਹੈ ਉਨ੍ਹਾਂ ਨੇ ਹੀ ਵੋਟਾ ਪਾ ਕੇ ਇਸ ਨੂੰ ਆਨੰਦਪੁਰ ਸਾਹਿਬ ਦੀ ਸੀਟ ਤੋਂ ਜਿਤਵਾਇਆ ਸੀ।"