Punjab News: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਖਿਲਾਫ ਸੀਐਮ ਭਗਵੰਤ ਮਾਨ ਇਕੱਲੇ ਲੜ ਰਹੇ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਅਜਿਹੀ ਸਥਿਤੀ ਵਿੱਚ ਸਹਿਯੋਗ ਦਿਓ ਤੇ ਪੰਜਾਬ ਤੋਂ 13 ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਭੇਜੋ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ 13 ਸੰਸਦ ਮੈਂਬਰ ਪਾਰਲੀਮੈਂਟ ਵਿੱਚ ਜਾ ਕੇ ਆਪਣੀ ਆਵਾਜ਼ ਉਠਾਉਣਗੇ, ਫਿਰ ਵੇਖਿਓ ਕੀ ਹੋਏਗਾ।
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਵੀ ਤੁਸੀਂ 13 ਸੰਸਦ ਮੈਂਬਰ ਚੁਣ ਕੇ ਭੇਜੇ ਸਨ, ਪਰ ਉਨ੍ਹਾਂ ਨੇ ਉੱਥੇ ਕੋਈ ਆਵਾਜ਼ ਨਹੀਂ ਉਠਾਈ। ਜਦੋਂ ਵੀ ਲੋੜ ਪਈ ਤਾਂ ਉਹ ਮਟਰਗਸ਼ਤੀ ਕਰਦੇ ਰਹੇ। ਕੇਜਰੀਵਾਲ ਨੇ ਕਿਹਾ ਕਿ ਉਹ ਕੰਮ ਲਈ ਵੋਟਾਂ ਮੰਗ ਰਹੇ ਹਨ। ਸਾਨੂੰ ਗੋਲੀ-ਗਲੋਚ ਤੇ ਭ੍ਰਿਸ਼ਟਾਚਾਰ ਨਹੀਂ ਆਉਂਦਾ। ਦੂਜੀਆਂ ਪਾਰਟੀਆਂ ਦੇ ਲੋਕ ਕਹਿ ਰਹੇ ਹਨ ਕਿ ਸਾਨੂੰ 370 ਸੀਟਾਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਤੁਹਾਡੀ ਵੋਟ ਦੀ ਲੋੜ ਨਹੀਂ। ਇਸ ਲਈ ਮੈਂ ਦਿੱਲੀ ਤੋਂ ਤੁਹਾਡੇ ਵੋਟਾਂ ਲੈਣ ਆਇਆ ਹਾਂ।
'ਆਪ' ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਲਈ ਉਨ੍ਹਾਂ ਨੂੰ ਇਨ੍ਹਾਂ 13 ਸੀਟਾਂ ਦੀ ਲੋੜ ਹੈ। ਕੇਂਦਰ ਨੇ ਪੰਜਾਬ ਦੇ ਹੱਕ ਵਿੱਚੋਂ 8,000 ਕਰੋੜ ਰੁਪਏ ਰੋਕ ਲਏ ਹਨ। ਅਸੀਂ ਜੋ ਵੀ ਕੰਮ ਕਰਦੇ ਹਾਂ, ਰਾਜਪਾਲ ਅੜਿੱਕਾ ਪਾ ਰਿਹਾ ਹੈ। 26 ਜਨਵਰੀ ਦੇ ਪ੍ਰੋਗਰਾਮ ਵਿੱਚੋਂ ਪੰਜਾਬ ਦੀ ਝਾਕੀ ਹਟਾ ਦਿੱਤੀ ਗਈ। ਉਸ ਝਾਕੀ ਵਿੱਚ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦੀ ਕਹਾਣੀ ਸੀ। ਕੇਂਦਰ ਵਿੱਚ ਬੈਠੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਤੇ ਲਾਲਾ ਲਾਜਪਤ ਰਾਏ ਦੀ ਝਾਕੀ ਬਾਹਰ ਕਰਨ ਦੀ ਇਜਾਜ਼ਤ ਕਿਸ ਨੇ ਦੇ ਦਿੱਤੀ?
ਕੇਜਰੀਵਾਲ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਵਿੱਚ ਨੈਗਟੀਵਿਟੀ ਦਾ ਮਾਹੌਲ ਸੀ ਪਰ ਹੁਣ ਸਭ ਕੁਝ ਬਦਲ ਗਿਆ ਹੈ। ਹੁਣ ਪੌਜੀਟੀਵਿਟੀ ਹੈ। ਬਿਜਲੀ ਮਾਫ ਹੋ ਗਈ। ਮੁਹੱਲਾ ਕਲੀਨਿਕ ਖੁੱਲ੍ਹ ਗਏ। ਬੱਚਿਆਂ ਦੀ ਪੜ੍ਹਾਈ ਲਈ ਸਕੂਲ ਖੁੱਲ੍ਹ ਗਏ। ਪਹਿਲਾਂ ਉਹ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਦੇ ਸੀ, ਪਰ ਹੁਣ ਪੱਕੇ ਅਧਿਆਪਕ ਬਣ ਗਏ। ਉਹ ਸਕੂਲਾਂ ਵਿੱਚ ਪੜ੍ਹਾ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਆਮ ਲੋਕਾਂ ਨੂੰ ਜਿਤਾਇਆ ਸੀ। ਸਾਡੀ ਸਰਕਾਰ ਪੰਜਾਬ ਦੀ ਦਿਨ ਰਾਤ ਸੇਵਾ ਕਰ ਰਹੀ ਹੈ। ਦੂਸਰੀ ਧਿਰ ਨੂੰ ਪੁੱਛੋ ਤਾਂ ਇੱਕ ਹੀ ਜਵਾਬ ਮਿਲਦਾ ਹੈ ਕਿ ਅਜਿਹੀ ਸਰਕਾਰ 75 ਸਾਲਾਂ ਵਿੱਚ ਨਹੀਂ ਦੇਖੀ। ਹਰ ਰੋਜ਼ ਨਵਾਂ ਆਇਡੀਆ ਲੈ ਕੇ ਆ ਰਹੀ ਹੈ।