ਬਠਿੰਡਾ: ਪੰਜਾਬ ਵਿੱਚ ਲੋਕ ਸਭਾ ਚੋਣਾਂ ਆਖਰੀ ਗੇੜ ‘ਚ ਯਾਨੀ 19 ਮਈ ਨੂੰ ਹੋਣੀਆਂ ਹਨ। ਇਸ ਲਈ ਪੰਜਾਬ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਰੈਲੀਆਂ ਤੇ ਵੋਟਰਾਂ ਨੂੰ ਖਿੱਚਣ ਲਈ ਪ੍ਰਚਾਰ ਜ਼ੋਰਾਂ ‘ਤੇ ਹੋ ਰਿਹਾ ਹੈ। ਇਸੇ ਸਿਲਸਿਲੇ ‘ਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਠਿੰਡਾ ਪਹੁੰਚੇ।



ਇੱਥੇ ਉਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਦੋਵਾਂ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਬਰਗਾੜੀ ‘ਚ ਯਾਦਗਾਰ ਬਣਾਉਣ ਦੀ ਗੱਲ ਕਹਿ ਰਹੇ ਹਨ। ਜੇਕਰ ਕੈਪਟਨ ਦੀ ਔਕਾਤ ਤੇ ਰਾਹੁਲ ‘ਚ ਹਿੰਮਤ ਹੈ ਤਾਂ ਬਾਦਲਾਂ ਨੂੰ ਸਜ਼ਾ ਦੇਣ।

ਕੇਜਰੀਵਾਲ ਨੇ ਇੱਥੇ ਕਿਹਾ ਕਿ ਅਕਾਲੀ ਦਲ ਦੇ ਸਮੇਂ ‘ਚ ਪੰਜਾਬ ‘ਚ ਨਸ਼ਾ ਵਿਕਦਾ ਸੀ ਤੇ ਕਿਸਾਨ ਖੁਦਕੁਸ਼ੀ ਕਰਦਾ ਸੀ। ਇਸ ਕਰਕੇ ਲੋਕ ਪ੍ਰੇਸ਼ਾਨ ਸੀ। ਇਸ ਤੋਂ ਬਾਅਦ ਲੋਕਾਂ ਨੇ ਕੈਪਟਨ ਦੀ ਸਰਕਾਰ ਨੂੰ ਮੌਕਾ ਦਿੱਤਾ। ਇਸ ਤੋਂ ਬਾਅਦ ਕੁਝ ਨਹੀਂ ਬਦਲਿਆ। ਅਜੇ ਵੀ ਨਸ਼ਾ ਵਿਕਦਾ ਹੈ, ਲੋਕ ਪ੍ਰੇਸ਼ਾਨ ਹਨ ਤੇ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਾਹਬ ਤਾਂ ਰਾਜਾ ਹਨ। ਉਹ ਜਨਤਾ ਨੂੰ ਮਿਲਦੇ ਹੀ ਨਹੀਂ। ਮੈਂ ਦਿੱਲੀ ਦਾ ਮੁੱਖ ਮੰਤਰੀ ਹੁੰਦੇ ਹੋਏ ਵੀ ਜੇ ਪਿੰਡ-ਪਿੰਡ ਘੁੰਮ ਰਿਹਾ ਹਾਂ ਤੇ ਦਿੱਲੀ ਤੋਂ ਇੱਥੇ ਆ ਸਕਦਾ ਹਾਂ ਤਾਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ। 

ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸਾਰੀਆਂ ਰਿਪੋਰਟਾਂ ਬੋਲ ਰਹੀਆਂ ਹਨ ਕਿ ਕੈਪਟਨ ਨੇ ਜਿੰਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ। ਉਨ੍ਹਾਂ ਮੁਤਾਬਕ ਪੰਜਾਬ ਦੀ ਜਨਤਾ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਤੰਗ ਆ ਚੁੱਕੀ ਹੈ। ਇਸ ਵਾਰ ਉਹ ‘ਆਪ’ ਨੂੰ ਇੱਕ ਉਮੀਦ ਦੇ ਤੌਰ ‘ਤੇ ਦੇਖ ਰਹੀ ਹੈ। ਉਨ੍ਹਾਂ ਮੁਤਾਬਕ ਕੈਪਟਨ ਤੇ ਬਾਦਲ ਮਿਲੇ ਹੋਏ ਹਨ।