ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਕਈ ਥਾਵਾਂ 'ਤੇ ਸਰਕਾਰੀ ਸਕੂਲਾਂ ਦੇ ਹਾਲਾਤ ਬਦ ਤੋਂ ਬਦਤਰ ਹਨ। ਸੂਬੇ 'ਚ ਕਈ ਅਜਿਹੇ ਸਕੂਲ ਹਨ ਜਿਨ੍ਹਾਂ 'ਚ ਅਧਿਆਪਕਾਂ ਦੀ ਕਮੀ ਹੋਣ ਕਾਰਨ ਸਹੀ ਢੰਗ ਨਾਲ ਪੜ੍ਹਾਈ ਤਕ ਨਹੀਂ ਹੋ ਰਹੀ। ਕੱਲ੍ਹ ਉਸ ਸਮੇਂ ਪੰਜਾਬ ਸਰਕਾਰ ਸਿੱਖਿਆ ਨੂੰ ਲੈ ਕੇ ਵਿਵਾਦਾਂ 'ਚ ਆ ਗਈ ਜਦੋਂ ਲਹਿਰ ਖੁਰਦ ਦੇ ਲੋਕਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਅਧਿਆਪਕਾਂ ਦੀ ਕਮੀ ਹੋਣ ਕਾਰਨ ਧਰਨਾ ਲਾ ਦਿੱਤਾ। 


ਇਸ ਤੋਂ ਬਾਅਦ ਵਿਰੋਧੀਆਂ ਨੇ ਵੀ ਸਿੱਖਿਆ ਪ੍ਰਬੰਧਾਂ ਨੂੰ ਲੈ ਕੇ ਆਪ ਸਰਕਾਰ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ। ਇਸ ਸਭ ਦੇ ਵਿਚਾਲੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਕੇ ਮਾਨ ਸਰਕਾਰ 'ਤੇ ਤਨਜ਼ ਕੱਸਿਆ ਤੇ ਕਿਹਾ ਕਿ ਦਿੱਲੀ ਸਿੱਖਿਆ ਮਾਡਲ ਪੰਜਾਬ 'ਚ, ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤਿਮਾਹੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਭਗਵੰਤ ਮਾਨ ਸਰਕਾਰ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਿਤਾਬਾਂ ਨਹੀਂ ਦੇ ਸਕੀ। ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖਰਚ ਕਰਨ ਵਾਲੀ ਸਰਕਾਰ ਦੇ ਬੱਚੇ ਹੁਣ ਬਿਨਾਂ ਕਿਤਾਬਾਂ ਪੜ੍ਹੇ ਪ੍ਰੀਖਿਆ ਦੇਣਗੇ।



ਜ਼ਿਕਰਯੋਗ ਹੈ ਕਿ ਏਬੀਪੀ ਸਾਂਝਾ ਨੇ ਲਹਿਲ ਖੁਰਦ ਦੇ ਸਰਕਾਰੀ ਸਕੂਲ 'ਚ ਅਧਿਆਪਕ ਨਾ ਹੋਣ ਦੀ ਖਬਰ ਨਸ਼ਰ ਕੀਤੀ ਸੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਖੁਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ 31 ਮਾਰਚ 2023 ਤਕ ਸਿੱਖਿਆ ਦਾ ਪੱਧਰ ਉੱਚਾ ਕੀਤਾ ਜਾਵੇਗਾ ਤੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੇ ਜਾਣਗੇ ਤੇ ਟੀਚਰਾਂ ਦੀ ਭਰਤੀ ਕੀਤੀ ਜਾਵੇਗੀ। 



ਇਸ ਦੇ ਨਾਲ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਰਾਜਿੰਦਰ ਕੁਮਾਰ ਜੋ ਸਕੂਲ 'ਚ ਆਏ ਸੀ, ਉਨ੍ਹਾਂ ਨੇ ਕਿਹਾ ਸਕੂਲ ਦੀ ਟੀਚਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਨਵੇਂ ਅਧਿਆਪਕ ਨਿਯੁਕਤੀ ਕੀਤੀ ਹੈ ਜਦਕਿ ਇਕ ਹੋਰ ਅਧਿਆਪਕ Education Provider category ਤੋਂ ਸਕੂਲ 'ਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ 'ਚ ਕੁੱਲ ਪੰਜ ਅਧਿਆਪਕ ਹੋ ਗਏ ਹਨ ਜੋ ਮਨਜ਼ੂਰ ਸਟੈਂਥ ਸੀ ਉਹ ਪੂਰੀ ਹੋ ਗਈ ਹੈ। 


ਦੱਸ ਦੇਈਏ ਸਕੂਲ 'ਚ ਅਧਿਆਪਕ ਨਾ ਹੋਣ ਕਾਰਨ ਸਕੂਲ ਨੂੰ ਤਾਲਾ ਲੱਗਾ ਹੋਇਆ ਸੀ ਤੇ ਬੱਚਿਆਂ ਨੂੰ ਗੁਰਦੁਆਰੇ 'ਚ ਪੜ੍ਹਾਈ ਕਰਵਾਈ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਤਾਲਾ ਖੋਲ੍ਹ ਦਿੱਤਾ ਗਿਆ ਹੈ ਤੇ ਬੱਚਿਆਂ ਦੀ ਸਕੂਲ 'ਚ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਗਈ ਹੈ।