Punjab News: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (AAP) ਦੀ ਹਾਰ ਹੋਈ ਹੈ ਅਤੇ 27 ਸਾਲਾਂ ਬਾਅਦ ਭਾਰਤੀ ਜਨਤਾ ਪਾਰਟੀ (BJP) ਦਿੱਲੀ ਵਿੱਚ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਜਿਸ ਨੂੰ ਲੈ ਕੇ ਕਈ ਦਿੱਗਜ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਪੰਜਾਬ ਦੇ ਨੇਤਾਵਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿੱਚ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਆਪਣੀ ਗੁਆਚੀ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਲਈ ਆਉਣ ਵਾਲੇ ਦਿਨਾਂ 'ਚ ਹੋਰ ਮਿਹਨਤ ਕਰਨੀ ਪਵੇਗੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸਲ 'ਚ ਆਪ ਨੇ ਉਹ ਸਭ ਕੁਝ ਖਤਮ ਕਰ ਦਿੱਤਾ ਜੋ ਮਰਹੂਮ ਸ਼ੀਲਾ ਦੀਕਸ਼ਿਤ ਦੀ ਸਰਕਾਰ ਨੇ ਦਿੱਲੀ ਵਾਸੀਆਂ ਲਈ ਕੀਤਾ ਸੀ।
ਆਪ ਲੋਕਾਂ ਦੇ ਨਾਲ ਨਹੀਂ ਖੜ੍ਹੀ-ਬਾਜਵਾ
ਬਾਜਵਾ ਨੇ ਕਿਹਾ ਕਿ ਫਰਵਰੀ 2020 ਦੇ ਮਹੀਨੇ ਵਿੱਚ ਦਿੱਲੀ ਵਿੱਚ ਹੋਏ ਖੂਨੀ ਦੰਗਿਆਂ ਦੌਰਾਨ ਵੀ ਦਿੱਲੀ ਸਰਕਾਰ ਪੀੜਤ ਭਾਈਚਾਰਿਆਂ ਦੇ ਨਾਲ ਖੜ੍ਹੇ ਹੋਣ ਵਿੱਚ ਅਸਫਲ ਰਹੇ।ਬਾਜਵਾ ਨੇ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੋਕਾਂ ਦਾ ਦਿੱਲੀ ਵਾਸੀਆਂ 'ਤੇ ਭਰੋਸਾ ਅਤੇ ਵਿਸ਼ਵਾਸ ਉਦੋਂ ਖਤਮ ਹੋ ਗਿਆ ਜਦੋਂ ਉਨ੍ਹਾਂ ਦੀ ਸਰਕਾਰ ਨੇ ਯਮੁਨਾ ਨਦੀ ਨੂੰ ਸਾਫ ਕਰਨ ਲਈ ਕੁਝ ਨਹੀਂ ਕੀਤਾ, ਜਿਸ ਲਈ ਉਨ੍ਹਾਂ ਨੇ ਕਈ ਵੱਡੇ-ਵੱਡੇ ਵਾਅਦੇ ਕੀਤੇ ਸਨ।
ਉਨ੍ਹਾਂ ਨੇ ਐਕਸ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ''ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ @AamAadmiParty ਨੂੰ ਦਿੱਲੀ ਚੋਣਾਂ ਵਿੱਚ ਬਹੁਤ ਬੜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਝੂਠ, ਧੋਖਾਧੜੀ ਅਤੇ ਖੋਕਲੇ ਵਾਅਦਿਆਂ ਦਾ ਯੁੱਗ ਖਤਮ ਹੋ ਗਿਆ ਹੈ।''
ਉਨ੍ਹਾਂ ਨੇ ਅੱਗੇ ਕਿਹਾ- ''@ArvindKejriwal ਨੇ ਕਦੇ ਕਿਹਾ ਸੀ, "ਜੇ ਮੈਂ ਭ੍ਰਿਸ਼ਟ ਹੋਵਾਂਗਾ ਤਾਂ ਲੋਕ ਮੈਨੂੰ ਵੋਟ ਨਹੀਂ ਦੇਣਗੇ।" ਹੁਣ ਉਹ ਆਪਣੀ ਹੀ ਸੀਟ 'ਤੇ ਹਾਰ ਚੁੱਕੇ ਹਨ। ਕੀ ਇਸਦਾ ਅਰਥ ਇਹ ਹੈ ਕਿ ਦਿੱਲੀ ਦੇ ਲੋਕ ਉਨ੍ਹਾਂ ਨੂੰ ਭ੍ਰਿਸ਼ਟ ਸਮਝਦੇ ਹਨ? ਪੰਜਾਬ ਦੇ ਲੋਕਾਂ ਨੇ ਵੀ ਇਸੇ ਕਹਿਣ ਵਾਲੀ ਕਥਿਤ "ਕੱਟੜ ਇਮਾਨਦਾਰ" ਪਾਰਟੀ ਦਾ ਅਸਲੀ ਚਿਹਰਾ ਵੇਖ ਲਿਆ ਹੈ। @BhagwantMann ਅਤੇ @ArvindKejriwal ਨੇ 2022 ਚੋਣਾਂ ਵਿੱਚ ਪੰਜਾਬੀਆਂ ਨੂੰ ਮੋਹ ਲੈਣ ਲਈ ਉੱਚੇ ਵਾਅਦੇ ਕੀਤੇ। ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਮਾਇਨਿੰਗ ਤੋਂ 20000 ਕਰੋੜ ਰੁਪਏ ਇਕੱਠੇ ਕਰਨ ਦਾ ਵਾਅਦਾ ਫੇਲ੍ਹ ਹੋ ਗਿਆ। ਮਾਨ ਸਰਕਾਰ ਆਪਣੇ ਭ੍ਰਿਸ਼ਟ ਮੰਤਰੀਆਂ ਅਤੇ ਆਗੂਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੀ। 2027 ਵਿੱਚ ਮਾਨ ਸਰਕਾਰ ਨੂੰ ਵੀ ਇਸੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਦਿੱਲੀ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਅੰਤ ਦੀ ਸ਼ੁਰੂਆਤ ਵੱਲ ਇਸ਼ਾਰਾ ਕਰਦੇ ਹਨ''।