ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਸਿੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਛੇ ਮਈ ਨੂੰ ਹੋਣ ਜਾ ਰਹੀ ਕੌਮੀ ਦਾਖ਼ਲਾ ਪ੍ਰੀਖਿਆ ਨੀਟ (ਨੈਸ਼ਨਲ ਅਲਿਜੀਬਿਲਿਟੀ ਕਮ ਐਂਟਰੈਂਸ ਟੈਸਟ) ਵਿੱਚ ਸਿੱਖ ਵਿਦਿਆਰਥੀ ਕ੍ਰਿਪਾਨ ਤੇ ਕੜਾ ਪਾ ਸਕਣਗੇ। ਯਾਦ ਰਹੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਧਾਤ ਦੀਆਂ ਵਸਤੂਆਂ ਦੇ ਇਸਤੇਮਾਲ ’ਤੇ ਰੋਕ ਹੈ।   ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਰਵਿੰਦਰ ਭੱਟ ਤੇ ਜਸਟਿਸ ਏਕੇ ਚਾਵਲਾ ਦੀ ਬੈਂਚ ਨੇ ਵੀਰਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਨੀਟ ਦੀ ਪ੍ਰੀਖਿਆ ਵਿੱਚ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ ਸਣੇ ਪ੍ਰੀਖਿਆ ਦੇਣ ਦੀ ਅੰਤ੍ਰਿਮ ਮਨਜ਼ੂਰੀ ਦਾ ਆਦੇਸ਼ ਦਿੱਤਾ। ਜੱਜਾਂ ਨੇ ਸੀਬੀਐਸਈ ਦੇ ਵਕੀਲ ਨੂੰ ਕਿਹਾ ਕਿ ਕਕਾਰ ਧਾਰਮਿਕ ਅਧਿਕਾਰਾਂ ਤਹਿਤ ਆਉਂਦੇ ਹਨ। ਇਨ੍ਹਾਂ ’ਤੇ ਰੋਕ ਲਾਉਣ ਦਾ ਕੋਈ ਕਾਨੂੰਨ ਵੀ ਮੌਜੂਦ ਨਹੀਂ। ਜਾਂ ਤਾਂ ਸਾਬਤ ਕਰੋ ਕਿ ਕਕਾਰਾਂ ਕਰਕੇ ਨਕਲ ਹੋ ਸਕਦੀ ਹੈ। ਸਿਰਫ਼ ਖਦਸ਼ੇ ਕਰਕੇ ਕਕਾਰਾਂ ‘ਤੇ ਰੋਕ ਨਹੀਂ ਲਾਈ ਜਾ ਸਕਦੀ। ਅਦਾਲਤ ਨੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕਕਾਰਾਂ ਸਣੇ ਪ੍ਰੀਖਿਆ ਕੇਂਦਰ ਵਿੱਚ ਦਾਖ਼ਲਾ ਲੈਣ ਲਈ 1 ਘੰਟਾ ਪਹਿਲਾਂ ਆਉਣ ਦਾ ਵੀ ਆਦੇਸ਼ ਦਿੱਤਾ ਤਾਂ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਪਿਛਲੇ ਵਰ੍ਹੇ ਸੀਬੀਐਸਈ ਵੱਲੋਂ ਕੀਤੀ ਗਈ ‘ਨੀਟ’ ਤੇ ਦਿੱਲੀ ਸਰਕਾਰ ਦੀ ਡੀਐਸਐਸਐਸਬੀ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਪ੍ਰੀਖਿਆ ਕੇਂਦਰਾਂ ਨੇ ਮਨ੍ਹਾਂ ਕੀਤਾ ਗਿਆ ਸੀ ਜਿਸ ਤੋਂ ਦਿੱਲੀ ਕਮੇਟੀ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਡੀਐਸਐਸਐਸਬੀ ਪ੍ਰੀਖਿਆ ਵਿੱਚ ਅੱਗੇ ਤੋਂ ਇਹ ਰੋਕ ਹਟਾਉਣ ਦਾ ਆਦੇਸ਼ ਦਿੱਤਾ ਸੀ।