ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਅਦਾਲਤੀ ਹੁਕਮਾਂ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਗਰੋਂ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਵੀ ਨੇੜੇ ਹਨ। ਅਜਿਹੇ ਵਿੱਚ ਕੇਸ ਦਰਜ ਹੋਣ ਨਾਲ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।


ਦਰਅਸਲ ਇਹ ਕਾਰਵਾਈ ਦਿੱਲੀ ਕਮੇਟੀ ਲਈ ਟੈਂਟ ਲਾਉਣ ਵਾਲੀ ਕੰਪਨੀ ਦੇ ਸਾਲ 2013 ਵਿੱਚ ਬਿੱਲਾਂ ਦੀ ਅਦਾਇਗੀ ’ਚ ਘੁਟਾਲੇ ਕਰਨ ’ਤੇ ਕੀਤੀ ਗਈ ਹੈ। ਇਹ ਕੇਸ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਕਾਰਕੁਨ ਵੱਲੋਂ ਦਾਇਰ ਕਰਵਾਇਆ ਗਿਆ ਸੀ। ਇਸ ਮਾਮਲੇ ਵਿਚ ਸਿਰਸਾ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ। ਹੁਣ ਸਿਰਸਾ ਨੇ ਐਫਆਈਆਰ ਦੀ ਕਾਪੀ ਜਾਰੀ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਦਿੱਲੀ ਕਮੇਟੀ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਹੈ, ਨਾ ਕਿ ਇਕੱਲੇ ਉਨ੍ਹਾਂ ਖ਼ਿਲਾਫ਼ ਤੇ ਇਹ ਸਰਨਾ ਭਰਾਵਾਂ ਦੀ ਚਾਲ ਹੈ।


ਸਿਰਸਾ ਨੇ ਕਿਹਾ ਕਿ ਉਹ ਹਰ ਜਾਂਚ ’ਚ ਸ਼ਾਮਲ ਹੋਣ ਲਈ ਤਿਆਰ ਹਨ ਤੇ ਉਹ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀਆਂ ਕੀਤੀਆਂ ਦਾ ਹੀ ਨਤੀਜਾ ਭੁਗਤ ਰਹੇ ਹਨ ਕਿਉਂਕਿ ਟੈਂਟ ਮਾਮਲੇ ਵਿੱਚ ਜੀਕੇ ਨੇ ਹੀ ਹੁਕਮ ਦਿੱਤੇ ਸਨ।


ਉਧਰ, ਕੇਸ ਦਰਜ ਕੀਤੇ ਜਾਣ ਮਗਰੋਂ ਵਿਰੋਧੀ ਧਿਰਾਂ ਨੇ ਮਨਜਿੰਦਰ ਸਿੰਘ ਸਿਰਸਾ ਤੋਂ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਮੰਗਿਆ ਹੈ। ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਹੁਣ ਸਿਰਸਾ ਅਸਤੀਫ਼ਾ ਦੇਣ। ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਲੀਡਰ ਹਰਪ੍ਰੀਤ ਸਿੰਘ ਬਨੀ ਜੌਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਰਸਾ ਨੂੰ ਲਾਂਭੇ ਕਰਨ ਦੀ ਮੰਗ ਰੱਖੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ