Demand for release of Sikh prisoners raised in Lok Sabha, said Harsimrat Badal
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਸੋਮਵਾਰ ਨੂੰ ਲੋਕ ਸਭਾ 'ਚ "ਜੇਲ੍ਹਾਂ ਵਿੱਚ ਬੰਦ ਬਹੁਤ ਸਾਰੇ ਸਿੱਖ ਕੈਦੀਆਂ" ਦਾ ਮੁੱਦਾ ਉਠਾਇਆ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਅਜਿਹੇ ਸਾਰੇ ਸਿੱਖ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਉਨ੍ਹਾਂ ਸਦਨ ਵਿੱਚ ਸਿਫ਼ਰ ਕਾਲ ਦੌਰਾਨ ਇਹ ਮਾਮਲਾ ਉਠਾਇਆ।
ਹਰਸਿਮਰਤ ਬਾਦਲ ਨੇ ਕਿਹਾ, “ਮੈਂ ਸਰਕਾਰ ਦਾ ਧਿਆਨ ਉਨ੍ਹਾਂ ਬੰਦੀ ਸਿੱਖਾਂ ਵੱਲ ਦਿਵਾਉਣਾ ਚਾਹੁੰਦੀ ਹਾਂ ਜੋ 25-30 ਸਾਲਾਂ ਤੋਂ ਸਜ਼ਾ ਕੱਟਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਹਨ। ਉਨ੍ਹਾਂ ਨੂੰ ਦੁੱਗਣੀ ਸਜ਼ਾ ਸੁਣਾਈ ਗਈ ਹੈ, ਪਰ ਸਜ਼ਾ ਭੁਗਤਣ ਮਗਰੋਂ ਵੀ ਉਹ ਬਾਹਰ ਨਹੀਂ ਹਨ। ਪ੍ਰੋਫੈਸਰ ਭੁੱਲਰ ਵਰਗੇ ਲੋਕ ਅਜੇ ਵੀ ਜੇਲ੍ਹ ਵਿੱਚ ਹਨ ਜੋ ਆਪਣੀ ਦੋਹਰੀ ਸਜ਼ਾ ਕੱਟ ਚੁੱਕੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਭੁੱਲਰ ਦੀ ਰਿਹਾਈ ਦਾ ਵਾਅਦਾ ਕੀਤਾ ਸੀ ਪਰ ਦਿੱਲੀ ਵਿੱਚ ਉਨ੍ਹਾਂ ਦੇ ਮੰਤਰੀ ਸਹੀ ਕਦਮ ਨਹੀਂ ਚੁੱਕ ਰਹੇ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਸਰਕਾਰ ਨੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਹਰਸਿਮਰਤ ਬਾਦਲ ਨੇ ਕਿਹਾ ਕਿ ਸਾਡੀ ਮੰਗ ਹੈ, "ਅਜਿਹੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।"
ਇਸ ਦੇ ਨਾਲ ਹੀ ਬੀਜੇਪੀ ਦੇ ਸੀਪੀ ਜੋਸ਼ੀ ਨੇ ਹਾਲ ਹੀ ਵਿੱਚ ਰਾਜਸਥਾਨ ਦੇ ਕਰੌਲੀ ਵਿੱਚ ਦੋ ਗੁੱਟਾਂ ਵਿੱਚ ਟਕਰਾਅ ਦਾ ਮੁੱਦਾ ਉਠਾਇਆ ਤੇ ਸੂਬੇ ਦੀ ਅਸ਼ੋਕ ਗਹਿਲੋਤ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ, ''ਹਿੰਦੂ ਨਵੇਂ ਸਾਲ ਦੇ ਮੌਕੇ 'ਤੇ ਜਲੂਸ ਨਿਕਲ ਰਿਹਾ ਸੀ, ਜਦੋਂ ਕਰੌਲੀ 'ਚ ਪੱਥਰਬਾਜ਼ੀ ਕੀਤੀ ਗਈ। ਰਾਜਸਥਾਨ ਵਿੱਚ ਕੁਝ ਹੋਰ ਥਾਵਾਂ ’ਤੇ ਵੀ ਸਮਾਜ ਵਿਰੋਧੀ ਅਨਸਰਾਂ ਨੇ ਪਥਰਾਅ ਕੀਤਾ। ਜੋਸ਼ੀ ਨੇ ਦਾਅਵਾ ਕੀਤਾ ਕਿ ਰਾਜਸਥਾਨ 'ਚ ਕਿਸਾਨ ਸੁਰੱਖਿਅਤ ਨਹੀਂ, ਔਰਤਾਂ ਸੁਰੱਖਿਅਤ ਨਹੀਂ ਅਤੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਦੇ ਪੁੱਤਰ 'ਤੇ ਬਲਾਤਕਾਰ ਦਾ ਦੋਸ਼ ਹੈ। ਉਨ੍ਹਾਂ ਕਿਹਾ, ''ਮੈਂ ਸਰਕਾਰ ਨੂੰ ਰਾਜਸਥਾਨ ਸਰਕਾਰ ਨੂੰ ਬਰਖਾਸਤ ਕਰਨ ਦੀ ਬੇਨਤੀ ਕਰਦਾ ਹਾਂ।"
ਇਹ ਵੀ ਪੜ੍ਹੋ: ਧੂੰਆਂ ਨਿਕਲਣ ਮਗਰੋਂ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, 50 ਯਾਤਰੀ ਤੇ 4 ਸਟਾਫ਼ ਮੈਂਬਰ ਸੀ ਸਵਾਰ