Amritpal Singh: ਲੋਕ ਸਭਾ 'ਚ ਬਜਟ ਸੈਸ਼ਨ 'ਤੇ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ 'ਵਾਰਿਸ ਪੰਜਾਬ ਦੇ' ਮੁਖੀ ਅਤੇ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਤੇ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਬੀਤੇ ਦਿਨੀਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਚੰਨੀ ਦੇ ਬਿਆਨ ਨੂੰ ਉਨ੍ਹਾਂ ਦੀ ਨਿੱਜੀ ਰਾਏ ਕਰਾਰ ਦਿੱਤਾ ਹੈ। ਹੁਣ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵੱਲੋਂ ਵੀ ਇਸ ਨੂੰ ਗ਼ਲਤ ਦੱਸਿਆ ਗਿਆ ਹੈ।
ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ, ਸੰਸਦ 'ਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਗੱਲ ਕਰਨਾ ਸਰਾਸਰ ਗ਼ਲਤ ਹੈ। ਸੰਜੇ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਜਿਹਾ ਵਿਅਕਤੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ਵਿੱਚ ਗਿਆ, ਪੰਜਾਬ ਦਾ ਕੋਈ ਵੀ ਸਿੱਖ ਜਾਂ ਆਮ ਨਾਗਰਿਕ ਉਹ ਇਸ ਗੱਲ ਨੂੰ ਕਦੇ ਸਵਿਕਾਰ ਨਹੀਂ ਕਰੇਗਾ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ਵਿੱਚ ਜਾਓ, ਜੋ ਵਿਅਕਤੀ ਸਮਾਜ ਨੂੰ ਵੰਡਣਾ ਚਾਹੁੰਦਾ ਹੈ ਅਜਿਹੀ ਵਿਅਕਤੀ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਰਿਹਾਈ ਦੀ ਗੱਲ ਕਰਨਾ ਸਰਕਾਰ ਗ਼ਲਤ ਹੈ।
ਕਿਉਂ ਸ਼ੁਰੂ ਹੋਇਆ ਸਾਰਾ ਵਿਵਾਦ
ਸੰਸਦ 'ਚ ਬਜਟ ਸੈਸ਼ਨ 'ਤੇ ਚਰਚਾ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਾਲਿਸਤਾਨ ਪੱਖੀ 'ਵਾਰਿਸ ਪੰਜਾਬ ਦੇ' ਮੁਖੀ ਅਤੇ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਨ 'ਚ ਸਦਨ 'ਚ ਬਿਆਨ ਦਿੱਤਾ ਸੀ। ਜਿਸ ਵਿੱਚ ਚਰਨਜੀਤ ਸਿੰਘ ਚੰਨੀ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਸਾਂਸਦ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਹਰ ਰੋਜ਼ ਐਮਰਜੈਂਸੀ ਦੀ ਗੱਲ ਕਰਦੇ ਹਾਂ ਪਰ ਅੱਜ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਦਾ ਕੀ ਕਰੀਏ ? ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਗੇ ਕਿਹਾ ਕਿ ਇਹ ਵੀ ਇੱਕ ਤਰ੍ਹਾਂ ਦੀ ਐਮਰਜੈਂਸੀ ਹੈ ਜਦੋਂ ਪੰਜਾਬ ਦੇ ਲਗਭਗ 20 ਲੱਖ ਲੋਕਾਂ ਦੇ ਸੰਸਦ ਮੈਂਬਰ ਚੁਣੇ ਗਏ ਵਿਅਕਤੀ (ਅੰਮ੍ਰਿਤਪਾਲ ਸਿੰਘ) ਨੂੰ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਜਿਸ ਕਾਰਨ ਉਹ ਆਪਣੇ ਇਲਾਕੇ ਦੇ ਲੋਕਾਂ ਦੇ ਵਿਚਾਰ ਸਦਨ ਵਿੱਚ ਪੇਸ਼ ਨਹੀਂ ਕਰ ਪਾ ਰਹੇ ਹਨ। ਇਹ ਵੀ ਐਮਰਜੈਂਸੀ ਹੈ।