Punjab News: ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਮੀਟਿੰਗ ਨਵੀਂ ਚਰਚਾ ਛੇੜ ਦਿੱਤੀ ਹੈ। ਬੇਸ਼ੱਕ ਡੇਰਾ ਬਿਆਸ ਜਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮੀਟਿੰਗ ਬਾਰੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਗਿਆ ਪਰ ਧਾਰਮਿਕ ਤੇ ਸਿਆਸੀ ਗਲਿਆਰਿਆਂ ਵਿੱਚ ਵੱਡੀ ਹਿੱਲਜੁੱਲ ਸ਼ੁਰੂ ਹੋ ਗਈ ਹੈ। ਹਰ ਧੜੇ ਵੱਲੋਂ ਇਸ ਦੇ ਵੱਖ-ਵੱਖ ਅਰਥ ਕੱਢੇ ਜਾ ਰਹੇ ਹਨ। ਸੋਸ਼ਲ ਮੀਡੀਆ ਉਪਰ ਵੀ ਇਸ ਮੀਟਿੰਗ ਨੂੰ ਲੈ ਕੇ ਚਰਚਾ ਹੋ ਰਹੀ ਹੈ।


ਦਰਅਸਲ ਨੇ ਵੀਰਵਾਰ ਨੂੰ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਘੰਟੇ ਤੋਂ ਵੱਧ ਸਮਾਂ ਬੰਦ ਕਮਰਾ ਮੀਟਿੰਗ ਕੀਤੀ। ਅਹਿਮ ਗੱਲ ਹੈ ਕਿ ਜਥੇਦਾਰ ਦੀ ਸਥਾਨਕ ਬਰਨਾਲਾ ਰੋਡ ਸਥਿਤ ਰਿਹਾਇਸ਼ ’ਤੇ ਹੋਈ ਇਸ ਮੁਲਾਕਾਤ ਮੌਕੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ। ਉਂਝ, ਰੱਖੜਾ ਨੇ ਡੇਰਾ ਬਿਆਸ ਮੁਖੀ ਤੇ ਜਥੇਦਾਰ ਵਿਚਾਲੇ ਬੈਠਕ ਨੂੰ ‘ਸ਼ਿਸ਼ਟਾਚਾਰੀ’ ਮੁਲਾਕਾਤ ਦੱਸਿਆ ਹੈ। 


ਰੱਖੜਾ ਨੇ ਦੋਵਾਂ ਧਾਰਮਿਕ ਆਗੂਆਂ ਦੀ ਮੁਲਾਕਾਤ ਮੌਕੇ ਖੁਦ ਦੀ ਹਾਜ਼ਰੀ ਨੂੰ ਇਤਫ਼ਾਕਨ ਦੱਸਦਿਆਂ ਕਿਹਾ ਕਿ ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਨਾਲ ਅਫਸੋਸ ਪ੍ਰਗਟਾਉਣ ਜਾ ਰਹੇ ਸਨ ਕਿ ਇਸ ਦੌਰਾਨ ਰਸਤੇ ’ਚ ਉਨ੍ਹਾਂ ਨੂੰ ਡੇਰਾ ਬਿਆਸ ਮੁਖੀ ਵੱਲੋਂ ਜਥੇਦਾਰ ਦੇ ਘਰ ਪਹੁੰਚਣ ਬਾਰੇ ਜਾਣਕਾਰੀ ਮਿਲੀ। ਉਹ ਬਠਿੰਡਾ ਜਥੇਦਾਰ ਦੇ ਘਰ ਰੁਕ ਗਏ ਤੇ ਥੋੜ੍ਹੀ ਦੇਰ ਬਾਅਦ ਗੁਰਿੰਦਰ ਸਿੰਘ ਢਿੱਲੋਂ ਆ ਗਏ। ਉਨ੍ਹਾਂ ਦੱਸਿਆ ਕਿ ਬੈਠਕ ਵਿੱਚ ਸਿਰਫ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਪੰਥ ਦੀ ਮਜ਼ਬੂਤੀ ਬਾਰੇ ਸਰਸਰੀ ਗੱਲਾਂ ਹੋਈਆਂ।


ਦੱਸ ਦਈਏ ਕਿ ਡੇਰਾ ਮੁਖੀ ਦਾ ਵੀਰਵਾਰ ਨੂੰ ਬਠਿੰਡਾ-ਗੋਨਿਆਣਾ ਮਾਰਗ ’ਤੇ ਡੇਰਾ ਰਾਧਾ ਸੁਆਮੀ ਵਿੱਚ ਆਉਣ ਦਾ ਪ੍ਰੋਗਰਾਮ ਸੀ। ਉਨ੍ਹਾਂ ਦਾ ਹੈਲੀਕਾਪਟਰ ਇੱਥੇ ਥਰਮਲ ਕਲੋਨੀ ਵਿੱਚ ਬਣੇ ਅਸਥਾਈ ਹੈਲੀਪੈਡ ’ਤੇ ਉੱਤਰਿਆ ਤੇ ਇੱਥੋਂ ਉਹ ਕਾਰ ਰਾਹੀਂ ਜਥੇਦਾਰ ਦੀ ਰਿਹਾਇਸ਼ ’ਤੇ ਚਲੇ ਗਏ। ਇਹ ਮੀਟਿੰਗ ਇਸ ਲਈ ਵੀ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਕਈ ਵਿਵਾਦਾਂ ਵਿੱਚ ਘਿਰੇ ਹੋਏ ਹਨ। ਜਥੇਦਾਰ ਹਰਪ੍ਰੀਤ ਸਿੰਘ ਦੇ ਸਾਂਢੂ ਵੱਲੋਂ ਕੀਤੀ ਸ਼ਿਕਾਇਤ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਉਨ੍ਹਾਂ ਦੀਆਂ ਜਥੇਦਾਰ ਵਜੋਂ ਸੇਵਾਵਾਂ ’ਤੇ 15 ਦਿਨਾਂ ਲਈ ਰੋਕ ਲਾਈ ਹੋਈ ਹੈ। 


ਉਂਝ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਤੋਂ ਲੈ ਕੇ ਤਨਖਾਹ ਲਾਉਣ ਤੱਕ ਦੇ ਵੱਖ-ਵੱਖ ਪੜਾਵਾਂ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਬਾਰੇ ਅਸਿੱਧੇ ਰੂਪ ’ਚ ਕਈ ਤਰ੍ਹਾਂ ਦੇ ‘ਕਿੰਤੂ-ਪ੍ਰੰਤੂ’ ਹੁੰਦੇ ਆ ਰਹੇ ਹਨ। ਇਹ ਚਰਚਾ ਵੀ ਜ਼ੋਰਾਂ ਉੱਤੇ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਵੀ ਉਨ੍ਹਾਂ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖਤਮ ਕੀਤੀਆਂ ਜਾ ਸਕਦੀਆਂ ਹਨ। ਸ਼੍ਰੋਮਣੀ ਕਮੇਟੀ ਨੇ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ 30 ਦਸੰਬਰ ਨੂੰ ਸੱਦੀ ਹੋਈ ਹੈ।