Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਾਇਰ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੀਤੀ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਪੇਸ਼ ਕੀਤਾ। ਇਸ ਮਾਮਲੇ ਦੀ ਸੁਣਵਾਈ ਹੁਣ 29 ਸਤੰਬਰ ਨੂੰ ਹੋਵੇਗੀ।
ਇਸ ਦੌਰਾਨ ਡੇਰਾ ਰਾਧਾ ਸੁਆਮੀ ਸਤਿਸੰਗ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੇ ਅੱਜ ਜੇਲ੍ਹ ਵਿੱਚ ਮਜੀਠੀਆ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਲਗਭਗ 35 ਮਿੰਟ ਚੱਲੀ। ਉਹ ਸਖ਼ਤ ਸੁਰੱਖਿਆ ਹੇਠ ਸਵੇਰੇ 11 ਵਜੇ ਦੇ ਕਰੀਬ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ। ਡੇਰਾ ਮੁਖੀ ਮਜੀਠੀਆ ਦੀ ਪਤਨੀ ਗਨੀਵ ਕੌਰ ਦਾ ਰਿਸ਼ਤੇਦਾਰ ਹੈ। ਜਿਵੇਂ ਹੀ ਡੇਰਾ ਮੁਖੀ ਦੇ ਆਉਣ ਬਾਰੇ ਪਤਾ ਲੱਗਾ, ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਗਏ। ਹਾਲਾਂਕਿ ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਕੋਈ ਵੀ ਰਾਬਤਾ ਨਹੀਂ ਕੀਤਾ।
ਇਸ ਤੋਂ ਬਾਅਦ ਮਜੀਠੀਆ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਲਿਖਿਆ, ਦਾਸ ਦੀ ਨਾ ਤਾਂ ਇਨੀ ਹੈਸੀਅਤ ਹੈ ਨਾ ਔਕਾਤ ਹੈ। ਇੱਕ ਨਿਮਾਣਾ ਭੁੱਲਣਹਾਰ ਜੀਵ ਹਾਂ ਅਤੇ ਮੇਰੇ ਕੋਲ ਯੋਗ ਸ਼ਬਦ ਵੀ ਨਹੀਂ ਜਿਨਾਂ ਨਾਲ ਮੈਂ ਅਤਿ ਸਤਿਕਾਰਤ ਬਾਬਾ ਜੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਸ਼ੁਕਰਾਨਾ ਅਦਾ ਕਰ ਸਕਾਂ ਜੋ ਦਾਸ ਨੂੰ ਮਿਲਣ ਅੱਜ ਨਾਭਾ ਜੇਲ੍ਹ ਵਿੱਚ ਪਹੁੰਚੇ।
ਉਹਨਾਂ ਦਾ ਮੈਨੂੰ ਮਿਲਣ ਆਉਣਾ ਮੇਰੀ ਹੌਂਸਲਾ ਅਫਜ਼ਾਈ ਕਰਨੀ ਮੇਰੇ ਲਈ ਬੇਹੱਦ ਭਾਵਨਾਤਮਕ ਪਲ ਹਨ। ਮੇਰੇ ਔਖੇ ਵੇਲੇ ਬਾਬਾ ਜੀ ਨੇ ਹਮੇਸ਼ਾ ਹੀ ਮੇਰੀ ਬਾਂਹ ਫੜੀ ਹੈ ਮੈਂ ਬਾਬਾ ਜੀ ਦਾ ਬੇਹੱਦ ਸ਼ੁਕਰ ਗੁਜ਼ਾਰ ਹਾਂ।
ਸਮੂਹ ਸੰਗਤ ਲੋਕਾਂ ਤੇ ਸੰਤਾਂ ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਜਿਨਾਂ ਦੇ ਅਸ਼ੀਰਵਾਦ ਸਦਕਾ ਦਾਸ ਚੜ੍ਹਦੀ ਕਲਾ ਵਿੱਚ ਹੈ। ਗੁਰੂ ਸਾਹਿਬ ਦਾ ਕੋਟਾਨ ਕੋਟਿ ਸ਼ੁਕਰਾਨਾ ਜੋ ਸਦਾ ਦਾਸ 'ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਦੇ ਹਨ।
ਹੌਂਸਲੇ ਹਮੇਸ਼ਾ ਬੁਲੰਦ ਰਹਿਣਗੇ।
ਦੱਸ ਦਈਏ ਕਿ ਜੇਲ੍ਹ ਮੈਨੂਅਲ ਦੇ ਤਹਿਤ, ਕੋਈ ਵੀ ਮਜੀਠੀਆ ਨੂੰ ਮਿਲ ਸਕਦਾ ਹੈ। ਪਤਾ ਲੱਗਾ ਹੈ ਕਿ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਲਗਭਗ 10 ਲੋਕਾਂ ਦੀ ਸੂਚੀ ਸੌਂਪੀ ਹੈ, ਜਿਸ ਵਿੱਚ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਮ ਵੀ ਸ਼ਾਮਲ ਹੈ। ਮਜੀਠੀਆ ਦੀ ਪਤਨੀ ਗਨੀਵ ਕੌਰ ਅਤੇ ਭੈਣ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ।