ਚੰਡੀਗੜ੍ਹ: ਪਿਛਲੇ ਕਾਫੀ ਸਮੇਂ ਤੋਂ ਘਰਾਂ 'ਚ ਸਹਿਮੇ ਬੈਠੇ ਡੇਰਾ ਸਿਰਸਾ ਦੇ ਪੈਰੋਕਾਰ ਚੋਣਾਂ ਦਾ ਮਾਹੌਲ ਬਣਦਿਆਂ ਹੀ ਮੁੜ ਸਰਗਰਮ ਹੋ ਗਏ ਹਨ। ਬੇਸ਼ੱਕ ਇਸ ਵਾਰ ਡੇਰਾ ਸਿਰਸਾ ਦੇ ਲੀਡਰ ਕਿਸੇ ਵੀ ਸਿਆਸੀ ਪਾਰਟੀ ਦੀ ਖੁੱਲ੍ਹੀ ਹਮਾਇਤ ਬਾਰੇ ਕੁਝ ਨਹੀਂ ਬੋਲ ਰਹੇ ਪਰ ਆਪਣੇ ਪੈਰੋਕਾਰਾਂ ਦਾ ਮਨੋਬਲ ਜ਼ਰੂਰ ਵਧਾ ਰਹੇ ਹਨ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੋਈ ਸਜ਼ਾ ਤੋਂ ਬਾਅਦ ਨਾਮ ਚਰਚਾ ਘਰ ਬੰਦ ਹੋ ਗਏ ਸੀ। ਚੋਣਾਂ ਦਾ ਬਿਗੁਲ ਵੱਜਦਿਆਂ ਹੀ ਡੇਰਿਆਂ ਵਿੱਚ ਇੱਕ ਵਾਰ ਫਿਰ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸੂਬੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਸਮਰਥਨ ਦੇ ਬਹਾਨੇ ਡੇਰੇ ਨੇ ਇੱਕ ਵਾਰ ਫਿਰ ਤੋਂ ਆਪਣਾ ਦਬਦਬਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁੰਨਸਾਨ ਪਏ ਨਾਮ ਚਰਚਾ ਘਰਾਂ ਵਿੱਚ ਇੱਕ ਵਾਰ ਫਿਰ ‘ਪ੍ਰੇਮੀ’ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ।
ਨਾਮ ਚਰਚਾ ਘਰਾਂ ਵਿੱਚ ਡੇਰੇ ਦੇ ਰਾਜਸੀ ਵਿੰਗ ‘ਪ੍ਰੇਮੀਆਂ’ ਨੂੰ ਡੇਰੇ ਦੇ ਹਰ ਫੈਸਲੇ ਦੇ ਨਾਲ ਹਾਂ ਵਿੱਚ ਹਾਂ ਮਿਲਾਉਣ ਲਈ ਆਖ਼ ਰਹੇ ਹਨ। ਬੀਤੇ ਦਿਨੀਂ ਡੇਰਾ ਸੱਚਾ ਸੌਦਾ ਨੇ ਚੋਣਾਂ ਵਿੱਚ ‘ਪ੍ਰੇਮੀਆਂ’ ਨਾਲ ‘ਮਨ ਦੀ ਗੱਲ’ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਨਾਮ ਚਰਚਾ ਘਰਾਵਾਂ ਵਿੱਚ ਸਤਿਸੰਗ ਤੋਂ ਬਾਅਦ ਚਰਚਾ ਕੀਤੀ। ਸੂਬੇ ਦੇ ਜ਼ਿਲ੍ਹਾ ਪਟਿਆਲਾ, ਫਤਿਗੜ੍ਹ ਸਾਹਿਬ, ਸੰਗਰੂਰ, ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਲੁਧਿਆਣਾ ਦੇ ਨਾਮ ਘਰਾਂ ਵਿੱਚ ਇਕੱਠ ਕੀਤਾ।
ਇੱਥੇ ਉਨ੍ਹਾਂ ਨੇ ਪ੍ਰੇਮੀਆਂ ਕੋਲੋਂ ਇਸ ਗੱਲ ਦਾ ਵਿਸ਼ਵਾਸ ਲਿਆ ਕਿ ਡੇਰਾ ਜੋ ਵੀ ਫੈਸਲਾ ਕਰੇਗਾ, ਪ੍ਰੇਮੀ ਉਸ ਫੈਸਲੇ ਦੇ ਨਾਲ ਹਨ ਜਾਂ ਨਹੀਂ। ਲੁਧਿਆਣਾ ਦੇ ਪਿੰਡ ਗਹੌਰ ਦੇ ਨਾਮ ਚਰਚਾ ਘਰ ਵਿੱਚ 10 ਹਜ਼ਾਰ ਤੋਂ ਵੱਧ ਡੇਰਾ ਪ੍ਰੇਮੀਆਂ ਨੇ ਹਿੱਸਾ ਲਿਆ। ਜਿੱਥੇ ਡੇਰੇ ਦੇ ਰਾਜਸੀ ਵਿੰਗ ਤੇ ਕਮੇਟੀ ਦੇ 25 ਮੈਂਬਰਾਂ ਨੇ ਸੰਬੋਧਨ ਕੀਤਾ।
ਨਾਮ ਚਰਚਾ ਘਰਾਂ ਵਿੱਚ ਇਕੱਠੇ ਹੋਏ ਪ੍ਰੇਮੀਆਂ ਨੂੰ ਆਪਣੇ ਸੰਬੋਧਨ ਵਿੱਚ ਰਾਜਸੀ ਵਿੰਗ ਦੇ ਮੈਂਬਰ ਕਹਿ ਰਹੇ ਹਨ ਕਿ ਸੰਗਤ ਨੂੰ ਇੱਕ ਵਾਰ ਫਿਰ ਤੋਂ ਇੱਕਜੁੱਟ ਹੋਣ ਦੀ ਜ਼ਰੂਰਤ ਹੈ। ਡੇਰਾ ਪ੍ਰੇਮੀਆਂ ਨੂੰ ਡੇਰਾ ਮੁਖੀ ਦਾ ਹੁਕਮ ਮੰਨਣ, ਕਿਸੇ ਦੀ ਗ਼ੱਲ ’ਚ ਨਾ ਆਉਣ ਦੀ ਗੱਲ ਆਖੀ ਜਾ ਰਹੀ ਹੈ। ਇੱਥੇ ਰਾਜਸੀ ਵਿੰਗ ਦੇ ਮੈਂਬਰ ਹਰਚਰਨ ਸਿੰਘ ਤੇ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਨਾਮ ਚਰਚਾ ਦਾ ਮਕਸਦ ਸਿਰਫ਼ ਡੇਰਾ ਪ੍ਰੇਮੀਆਂ ਨੂੰ ਇੱਕਜੁਟ ਕਰਨਾ ਹੀ ਹੈ।
ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਪਰਾਧਿਕ ਮਾਮਲੇ ’ਚ ਪੰਚਕੂਲਾ ਸੀਬੀਆਈ ਅਦਾਲਤ ਨੇ ਅਗਸਤ 2017 ’ਚ ਸਜ਼ਾ ਸੁਣਾ ਦਿੱਤੀ ਸੀ ਤੇ ਉਦੋਂ ਤੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਦੀ ਗੈਰ-ਹਾਜ਼ਰੀ ’ਚ ਗਹੌਰ ਦੇ ਨਾਮ ਚਰਚਾ ਘਰ ’ਤੇ ਪ੍ਰਸ਼ਾਸਨ ਨੇ ਤਾਲਾ ਲਾ ਦਿੱਤਾ ਸੀ, ਡੇਰਾ ਪ੍ਰੇਮੀ ਘਰਾਂ ’ਚ ਹੀ ਨਾਮ ਚਰਚਾ ਕਰ ਰਹੇ ਸਨ। ਦੋ ਸਾਲ ਬਾਅਦ ਪ੍ਰੇਮੀਆਂ ਦੇ ਵੱਲੋਂ ਚੋਣਾਂ ਨੇੜੇ ਆਉਂਦੇ ਹੀ ਡੇਰਾ ਵੀ ਖੋਲ੍ਹ ਲਿਆ ਤੇ ਉਥੇਂ ਸੰਗਤ ਨੂੰ ਇਕੱਠਾ ਵੀ ਕਰ ਲਿਆ।
ਲੋਕ ਸਭਾ ਚੋਣਾਂ ਨੇ ਫੂਕੀ ਡੇਰਾ ਪ੍ਰੇਮੀਆਂ 'ਚ ਰੂਹ, ਪੰਜਾਬ ਭਰ 'ਚ ਸ਼ਕਤੀ ਪ੍ਰਦਰਸ਼ਨ
ਏਬੀਪੀ ਸਾਂਝਾ
Updated at:
17 Apr 2019 04:05 PM (IST)
ਪਿਛਲੇ ਕਾਫੀ ਸਮੇਂ ਤੋਂ ਘਰਾਂ 'ਚ ਸਹਿਮੇ ਬੈਠੇ ਡੇਰਾ ਸਿਰਸਾ ਦੇ ਪੈਰੋਕਾਰ ਚੋਣਾਂ ਦਾ ਮਾਹੌਲ ਬਣਦਿਆਂ ਹੀ ਮੁੜ ਸਰਗਰਮ ਹੋ ਗਏ ਹਨ। ਬੇਸ਼ੱਕ ਇਸ ਵਾਰ ਡੇਰਾ ਸਿਰਸਾ ਦੇ ਲੀਡਰ ਕਿਸੇ ਵੀ ਸਿਆਸੀ ਪਾਰਟੀ ਦੀ ਖੁੱਲ੍ਹੀ ਹਮਾਇਤ ਬਾਰੇ ਕੁਝ ਨਹੀਂ ਬੋਲ ਰਹੇ ਪਰ ਆਪਣੇ ਪੈਰੋਕਾਰਾਂ ਦਾ ਮਨੋਬਲ ਜ਼ਰੂਰ ਵਧਾ ਰਹੇ ਹਨ।
- - - - - - - - - Advertisement - - - - - - - - -