ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਮਗਰੋਂ ਡੀਜੀਪੀ ਪੰਜਾਬ ਵੀਕੇ ਭਾਵਰਾ ਨੇ ਆਪਣੇ ਬਿਆਨ 'ਤੇ ਸਪਸ਼ਟੀਕਰਨ ਦਿੱਤਾ ਹੈ। ਡੀਜੀਪੀ ਨੇ ਬੀਤੀ ਰਾਤ ਹੋਈ ਪ੍ਰੈੱਸ ਕਾਂਨਫਰੰਸ 'ਚ ਦਿੱਤੇ ਬਿਆਨ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਹੈ। ਮੂਸੇਵਾਲਾ ਕਤਲ ਕੇਸ 'ਚ ਡੀਜੀਪੀ 'ਤੇ ਇਲਜ਼ਾਮ ਲੱਗੇ ਸੀ ਕਿ ਉਨ੍ਹਾਂ ਨੇ ਸਿੱਧੂ ਦੀ ਮੌਤ ਨੂੰ ਗੈਂਗਸਟਰਵਾਧ ਨਾਲ ਜੁੜਿਆ ਹੈ।
ਡੀਜੀਪੀ ਨੇ ਆਪਣੇ ਸਪਸ਼ਟੀਕਰਨ 'ਚ ਕਿਹਾ, "ਮੂਸੇਵਾਲਾ ਦੇ ਕਤਲ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਇਨਸਾਫ ਦਵਾਇਆ ਜਾਏਗਾ। ਮੈਂ ਕਦੇ ਵੀ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਨਹੀਂ ਕਿਹਾ। ਸੋਸ਼ਲ ਮੀਡੀਆ 'ਤੇ ਕੱਲ੍ਹ ਤੋਂ ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।"
ਡੀਜੀਪੀ ਨੇ ਦੱਸਿਆ ਕਿ "ਲੌਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਕੇਸ ਦੀ ਜਿੰਮੇਵਾਰੀ ਲਈ ਹੈ। ਜਾਂਚ 'ਚ ਕਤਲ ਦੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮੀਡੀਆ ਦੇ ਇੱਕ ਹਿੱਸੇ ਨੇ ਉਨ੍ਹਾਂ ਦਾ ਗਲਤ ਹਵਾਲਾ ਦਿੱਤਾ ਹੈ। ਮੇਰੇ ਦਿਲ 'ਚ ਸਿੱਧੂ ਮੂਸੇਵਾਲਾ ਦੀ ਬਹੁਤ ਥਾਂ ਹੈ।"
ਸਿੱਧੂ ਮੂਸੇਵਾਲਾ ਹੱਤਿਆ ਕਾਂਡ 'ਚ ਮੁੱਖ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੂਸੇਵਾਲਾ ਦੇ ਪਿਤਾ ਨੇ ਸੀਐਮ ਮਾਨ ਨੂੰ ਚਿੱਠੀ ਲਿਖੀ ਸੀ। ਇਸ ਮਗਰੋਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਏਗਾ। ਇਸ ਦੇ ਨਾਲ ਹੀ ਉਨ੍ਹਾਂ ਸੀਟਿੰਗ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।
ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਾਂਚ ਵਿੱਚ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਡੀਜੀਪੀ ਦੇ ਬਿਆਨ 'ਤੇ ਵੀ ਸਪੱਸ਼ਟੀਕਰਨ ਮੰਗਿਆ ਸੀ। ਸੁਰੱਖਿਆ ਘਟਾਉਣ ਦੇ ਫੈਸਲੇ 'ਤੇ ਵੀ ਮੁੱਖ ਮੰਤਰੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਸਿੱਧੂ ਮੂਸੇਵਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕਿਹਾ, "ਤੁਹਾਡੀ ਸਰਕਾਰ ਦੀਆਂ ਨਾਕਾਮੀਆਂ ਕਾਰਕੇ ਮੇਰਾ ਪੁੱਤਰ ਸ਼ੁੱਭਦੀਪ ਸਿੰਘ ਸਾਡੇ ਤੋਂ ਹਮੇਸ਼ਾਂ ਲਈ ਚੱਲਾ ਗਿਆ। ਸ਼ੁੱਭਦੀਪ ਦੀ ਮਾਂ ਮੈਨੂੰ ਪੁੱਛਦੀ ਹੈ ਕਿ ਮੇਰਾ ਪੁੱਤ ਕਿੱਥੇ ਹੈ ਤੇ ਕਦੋਂ ਘਰ ਵਾਪਸ ਆਵੇਗਾ? ਮੈਂ ਉਸ ਨੂੰ ਕੀ ਜਵਾਬ ਦੇਵਾਂ?ਮੈਂ ਆਸ ਕਰਦਾ ਹਾਂ ਕਿ ਮੈਨੂੰ ਇਨਸਾਫ ਮਿਲੇਗਾ।"