Punjab Reviews Law & Order and Crime Situation: ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਵੀਕੇ ਭਾਵਰਾ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਅਤੇ ਜਲੰਧਰ 'ਚ ਉੱਚ ਪਧਰੀ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਮਿਸ਼ਨਰੇਟਾਂ, ਬਾਰਡਰ ਰੇਂਜ ਅਤੇ ਜਲੰਧਰ ਰੇਂਜ ਵਿੱਚ ਅਮਨ-ਕਾਨੂੰਨ ਅਤੇ ਅਪਰਾਧ ਦੀ ਸਥਿਤੀ ਦਾ ਜਾਇਜ਼ਾ ਲਿਆ। ਦੱਸ ਦਈਏ ਕਿ ਇਸ ਦੌਰਾਨ ਡੀਜੀਪੀ ਦੇ ਨਾਲ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਅਤੇ ਆਈਜੀਪੀ ਇੰਟੈਲੀਜੈਂਸ ਜਤਿੰਦਰ ਸਿੰਘ ਔਲਖ ਵੀ ਮੌਜੂਦ ਸੀ।


ਪਹਿਲੀ ਮੀਟਿੰਗ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿੱਚ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਅਰੁਣ ਪਾਲ ਸਿੰਘ, ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਬਾਰਡਰ ਰੇਂਜ ਮੋਹਿਨੀਸ਼ ਚਾਵਲਾ ਅਤੇ ਬਾਰਡਰ ਰੇਂਜ ਦੇ ਐਸ.ਐਸ.ਪੀਜ਼ ਹਾਜ਼ਰ ਸੀ। ਦੂਜੀ ਮੀਟਿੰਗ ਸਪੈਸ਼ਲ ਡੀਜੀਪੀ ਪੀਏਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਸੀਪੀ ਜਲੰਧਰ ਗੁਰਪ੍ਰੀਤ ਸਿੰਘ ਤੂਰ, ਡੀਆਈਜੀ ਜਲੰਧਰ ਰੇਂਜ ਐਸ ਬੂਪਤੀ ਅਤੇ ਜਲੰਧਰ ਰੇਂਜ ਦੇ ਐਸਐਸਪੀਜ਼ ਦੀ ਮੌਜੂਦਗੀ ਵਿੱਚ ਜਲੰਧਰ ਵਿੱਚ ਹੋਈ।




ਡੀਜੀਪੀ ਵੀਕੇ ਭਾਵਰਾ ਨੇ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਤਵਾਦ, ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਕਾਰਵਾਈ ਨੂੰ ਸਭ ਤੋਂ ਵੱਧ ਤਰਜੀਹ ਅਤੇ ਇਨ੍ਹਾਂ ਖਿਲਾਫ ਕਾਰਵਾਈ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਅਗਾਮੀ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਵਧੇਰੇ ਚੌਕਸ ਰਹਿਣ ਲਈ ਵੀ ਕਿਹਾ।


ਸੀਪੀਜ਼/ਐਸਐਸਪੀਜ਼ ਨੂੰ ਜਨਤਕ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੰਦੇ ਹੋਏ, ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ।


ਸੀਨੀਅਰ ਅਧਿਕਾਰੀਆਂ ਨਾਲ ਬ੍ਰੀਫਿੰਗ ਤੋਂ ਬਾਅਦ ਡੀਜੀਪੀ ਨੇ ਤਸੱਲੀ ਪ੍ਰਗਟ ਕੀਤੀ ਕਿ ਪੰਜਾਬ ਪੁਲਿਸ ਅੱਤਵਾਦ ਵਿਰੋਧੀ ਮੋਰਚੇ 'ਤੇ ਵਧੀਆ ਕੰਮ ਕਰ ਰਹੀ ਹੈ ਅਤੇ ਇਸ ਅਪਰਾਧ ਵਿੱਚ ਸ਼ਾਮਲ ਲੋਕਾਂ ਦੀ ਗ੍ਰਿਫਤਾਰੀ ਨਾਲ ਸੂਬੇ ਵਿੱਚ ਪਹਿਲਾਂ ਹੀ ਵੱਖ-ਵੱਖ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਜਾ ਚੁੱਕਾ ਹੈ।


ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਵੀ ਦਿੱਤੀਆਂ ਕਿ ਉਹ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਨਾ ਹੋਣ ਦੇਣ। ਜੇਕਰ ਕੋਈ ਵਿਅਕਤੀ ਕਿਸੇ ਵੀ ਹਿੰਸਕ ਗਤੀਵਿਧੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨਾਲ ਦੇਸ਼ ਦੇ ਕਾਨੂੰਨ ਮੁਤਾਬਕ ਸਖ਼ਤੀ ਨਾਲ ਨਿਪਟਿਆ ਜਾਵੇ।


ਡੀ.ਜੀ.ਪੀ. ਵੀਕੇ ਭਾਵਰਾ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਹਿਦਾਇਤ ਦਿੰਦਿਆਂ ਕਿਹਾ ਕਿ ਜੇਕਰ ਉਹ ਜਨਤਕ ਥਾਵਾਂ, ਰੇਲ ਗੱਡੀਆਂ, ਬੱਸਾਂ ਜਾਂ ਰੈਸਟੋਰੈਂਟ ਆਦਿ ਵਿੱਚ ਕਿਤੇ ਵੀ ਕੋਈ ਸ਼ੱਕੀ ਵਸਤੂ ਜਾਂ ਲਾਵਾਰਿਸ ਵਸਤੂ ਵੇਖਣ ਤਾਂ ਤੁਰੰਤ ਪੁਲਿਸ  112 ਅਤੇ 181 ਹੈਲਪਲਾਈਨ ਨੰਬਰ 'ਤੇ ਸੂਚਿਤ ਕਰਨ।


ਇਹ ਵੀ ਪੜ੍ਹੋ: STF ਨੇ ਫੜੀ 24.50 ਕਰੋੜ ਦੀ ਹੈਰੋਇਨ, ਪਾਕਿਸਤਾਨ ਤੋਂ ਨਸ਼ੇ ਦੀ ਖੇਪ ਮੰਗਵਾ ਕੀਤੀ ਜਾਂਦੀ ਸੀ ਪੰਜਾਬ 'ਚ ਸਪਲਾਈ