Punjab News: ਪੰਜਾਬ ਦੇ ਥਾਣਿਆਂ 'ਤੇ ਗ੍ਰਨੇਡ ਹਮਲੇ ਕਰਨ ਵਾਲਿਆਂ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਗੁਰਦਾਸਪੁਰ ਦੇ ਥਾਣੇ 'ਤੇ ਹਮਲਾ ਕਰਨ ਵਾਲੇ 3 ਮੁਲਜ਼ਮਾਂ ਨੂੰ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਵੱਡਾ ਖ਼ੁਲਾਸਾ ਕੀਤਾ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਇਹ ਤਿੰਨੇ ਮੁਲਜ਼ਮ ਪਾਕਿਸਸਤਾਨ ਸਮਰਥਿਤ ਅੱਤਵਾਦੀ ਮੋਡੀਊਲ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (KZF) ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਮੋਡੀਊਲ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਥਾਣਿਆਂ 'ਤੇ ਹੋਏ ਹਮਲਿਆਂ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮੋਡੀਊਲ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਸ ਦੀ ਟੀਮ ਉੱਤਰ ਪ੍ਰਦੇਸ਼ ਦੇ ਪਿਲੀਭੀਤ ਗਈ ਸੀ ਤੇ ਇਨ੍ਹਾਂ ਵੱਲੋਂ ਪੰਜਾਬ ਤੇ ਉੱਤਰ ਪ੍ਰਦੇਸ਼ ਪੁਲਸ ਦੀ ਸਾਂਝੀ ਟੀਮ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੇ ਜਵਾਬ ਵਿਚ ਪੁਲਸ ਵੱਲੋਂ ਵੀ ਫ਼ਾਇਰਿੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਜ਼ਖ਼ਮੀ ਹਾਲਤ ਵਿਚ CHC ਪੂਰਨਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਪੂਰੇ ਅੱਤਵਾਦੀ ਮੋਡੀਊਲ ਦਾ ਪਰਦਾਫ਼ਾਸ਼ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਤਿੰਨਾ ਮੁਲਜ਼ਮਾਂ ਕੋਲੋਂ 2 AK ਰਾਈਫ਼ਲਾਂ ਤੇ 2 ਗਲੋਕ ਪਿਸਟਲਾਂ ਬਰਾਮਦ ਕੀਤੀਆਂ ਗਈਆਂ ਹਨ।
ਦਰਅਸਲ ਪੁਲਿਸ ਨੇ ਯੂਪੀ ਦੇ ਪੀਲੀਭੀਤ ਵਿੱਚ 3 ਖਾਲਿਸਤਾਨੀਆਂ ਦਾ ਐਨਕਾਉਂਟਰ ਕਰਨ ਦਾ ਦਾਅਵਾ ਕੀਤਾ ਹੈ। ਪੀਲੀਭੀਤ ਪੁਲਿਸ ਤੇ ਪੰਜਾਬ ਪੁਲਿਸ ਨੇ ਸੋਮਵਾਰ ਤੜਕੇ ਇਹ ਕਾਰਵਾਈ ਕੀਤੀ ਹੈ। ਮਾਰੇ ਗਏ ਤਿੰਨੇ ਵਿਅਕਤੀ ਖਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਦੱਸੇ ਗਏ ਹਨ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਨੇ ਹੀ 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕੀਤਾ ਸੀ।
ਮਾਰੇ ਗਏ ਖਾਲਿਸਤਾਨੀਆਂ ਕੋਲੋਂ 2 ਏਕੇ-47 ਰਾਈਫਲਾਂ, 2 ਗਲੌਕ ਪਿਸਤੌਲ ਤੇ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ ਹੋਏ ਹਨ। ਮਾਰੇ ਗਏ ਖਾਲਿਸਤਾਨੀਆਂ ਵਿੱਚ ਗੁਰਦਾਸਪੁਰ ਨਿਵਾਸੀ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ ਰਵੀ ਤੇ ਜਸਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਹਨ। ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਕੋਤਵਾਲੀ ਇਲਾਕੇ 'ਚ ਹੋਇਆ। ਗੋਲੀ ਲੱਗਣ ਤੋਂ ਬਾਅਦ ਤਿੰਨੋਂ ਜ਼ਖਮੀਆਂ ਨੂੰ ਪੂਰਨਪੁਰ ਸੀਐਚਸੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੀਲੀਭੀਤ ਦੇ ਐਸਪੀ ਅਵਿਨਾਸ਼ ਪਾਂਡੇ ਨੇ ਦੱਸਿਆ ਸੋਮਵਾਰ ਸਵੇਰੇ ਪੰਜਾਬ ਦੀ ਗੁਰਦਾਸਪੁਰ ਪੁਲਿਸ ਦੀ ਟੀਮ ਪੂਰਨਪੁਰ ਥਾਣੇ ਪਹੁੰਚੀ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਖਾਲਿਸਤਾਨੀਆਂ ਨੇ ਗੁਰਦਾਸਪੁਰ 'ਚ ਬਖਸ਼ੀਵਾਲ ਪੁਲਿਸ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਉਨ੍ਹਾਂ ਦੇ ਪੂਰਨਪੁਰ ਇਲਾਕੇ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਮਗਰੋਂ ਤੁਰੰਤ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ।
ਇਸ ਦੌਰਾਨ ਖਬਰੀਆ ਪੁਆਇੰਟ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇੱਕ ਬਾਈਕ 'ਤੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਹੈ। ਉਨ੍ਹਾਂ ਕੋਲ ਕੁਝ ਸ਼ੱਕੀ ਵਸਤੂਆਂ ਵੀ ਹਨ। ਉਹ ਮੋਟਰ ਸਾਈਕਲ ਰਾਹੀਂ ਪੀਲੀਭੀਤ ਵੱਲ ਗਏ ਹਨ। ਪੰਜਾਬ ਪੁਲਿਸ ਤੇ ਪੂਰਨਪੁਰ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਹੋਰ ਥਾਣਿਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ।
ਪੂਰਨਪੁਰ ਤੇ ਪੀਲੀਭੀਤ ਵਿਚਕਾਰ ਨਿਰਮਾਣ ਅਧੀਨ ਪੁਲ 'ਤੇ ਜਦੋਂ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਘੇਰ ਲਿਆ ਤਾਂ ਉਹ ਪਟੜੀ ਵੱਲ ਵੱਲ ਮੁੜ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਟੀਮ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ 'ਚ ਤਿੰਨੋਂ ਖਾਲਿਸਤਾਨੀਆਂ ਨੂੰ ਗੋਲੀ ਮਾਰ ਦਿੱਤੀ ਗਈ। ਪੰਜਾਬ ਪੁਲਿਸ ਨੇ ਕਿਹਾ ਹੈ ਕਿ ਇਨ੍ਹਾਂ ਖਾਲਿਸਤਾਨੀਆਂ ਦੇ ਵਿਦੇਸ਼ਾਂ ਵਿੱਚ ਵੀ ਸਬੰਧ ਹਨ।
ਮੁਲਜ਼ਮਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਇਹ ਪੂਰਨਪੁਰ ਥਾਣਾ ਖੇਤਰ ਤੋਂ ਚੋਰੀ ਹੋਇਆ ਸੀ। ਮੁਕਾਬਲੇ 'ਚ ਦੋ ਪੁਲਿਸ ਕਾਂਸਟੇਬਲ ਵੀ ਜ਼ਖਮੀ ਹੋ ਗਏ। ਕਰੀਬ ਅੱਧੇ ਘੰਟੇ 'ਚ ਪੁਲਿਸ ਤੇ ਅੱਤਵਾਦੀਆਂ ਵਿਚਾਲੇ 100 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਜ਼ਿਆਦਾਤਰ ਫਾਇਰਿੰਗ ਅੱਤਵਾਦੀਆਂ ਨੇ ਹੀ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।