ਚੰਡੀਗੜ੍ਹ: ਕਿਸਾਨਾਂ ਨੂੰ 'ਖਾਲਿਸਤਾਨੀ' ਕਹਿਣ ਉੱਪਰ ਮੋਦੀ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਕਿਸਾਨਾਂ ਦੇ ਨਾਲ-ਨਾਲ ਸਿਆਸੀ ਲੀਡਰ ਵੀ ਸਰਕਾਰ ਦੀ ਖੁੱਲ੍ਹ ਕੇ ਅਲੋਚਨਾ ਕਰ ਰਹੇ ਹਨ। ਪਟਿਆਲਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਐਲਾਨ ਕੀਤਾ ਹੈ ਕਿ ਜੇਕਰ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦੀ ਥਾਂ ‘ਖਾਲਿਸਤਾਨੀ’ ਬੈਠੇ ਹੋਏ ਹਨ ਤਾਂ ਉਹ ਵੀ (ਧਰਮਵੀਰ ਗਾਂਧੀ) ‘ਖਾਲਿਸਤਾਨੀ’ ਹਨ ਤੇ ਉਨ੍ਹਾਂ ਦਾ ਨਾਮ ਵੀ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਬਣਾਈ ‘ਖਾਲਿਸਤਾਨੀਆਂ’ ਦੀ ਲਿਸਟ ਵਿੱਚ ਸਭ ਤੋਂ ਉਪਰ ਪਾ ਦਿੱਤਾ ਜਾਵੇ।





ਦੱਸ ਦਈਏ ਕਿ ਕੇਂਦਰ ਸਰਕਾਰ ਦੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਵਿੱਚ ਕਿਸਾਨਾਂ ਨਾਲ ਸਬੰਧਤ ਕੇਸ ਦੀ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਦਿੱਲੀ ਬਾਰਡਰ ’ਤੇ ਬੈਠੇ ਲੋਕਾਂ ਨੂੰ ‘ਖਾਲਿਸਤਾਨੀ’ ਤੇ ‘ਸਿੱਖਸ ਫ਼ਾਰ ਜਸਟਿਸ’ ਦੇ ਹਮਾਇਤੀ ਆਖਿਆ ਸੀ ਜਿਸ ਦਾ ਕਿਸਾਨ ਹਮਾਇਤੀਆਂ ਕਾਫੀ ਬੁਰਾ ਮਨਾਇਆ ਹੈ।


ਡਾ. ਧਰਮਵੀਰ ਗਾਂਧੀ ਨੇ ਪੰਜਾਬੀ ਵਿੱਚ ਟਵੀਟ ਕਰਦਿਆਂ ਕਿਹਾ, ‘‘ਤੁਸ਼ਾਰ ਮਹਿਤਾ, ਜੇ ਤੂੰ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਵਿੱਚ ‘ਖਾਲਿਸਤਾਨੀ’ ਸ਼ਾਮਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਨ ਵਾਲੇ ਅਸੀਂ ਸਾਰੇ ਪੰਜਾਬੀ ਵੀ ‘ਖਾਲਿਸਤਾਨੀ’ ਹਾਂ। ਆਪਣੀ ‘ਖਾਲਿਸਤਾਨੀ’ ਲਿਸਟ ਵਿੱਚ ਸਭ ਤੋਂ ਪਹਿਲਾਂ ਮੇਰਾ ਨਾਮ ਧਰਮਵੀਰ ਗਾਂਧੀ ਲਿਖ ਲਓ।’’


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ