ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਸ਼ੱਕ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਉਤਾਰ ਕੇ ਏਕੇ ਦਾ ਸੁਨੇਹਾ ਦੇਣਾ ਚਾਹੁੰਦਾ ਹੈ ਪਰ ਪਰਮਿੰਦਰ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਤੇਵਰ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਪਰਮਿੰਦਰ ਢੀਂਡਸਾ ਨੂੰ ਉਮੀਦਵਾਰ ਬਣਾਇਆ ਵੀ ਜਾਂਦਾ ਹੈ ਤਾਂ ਉਹ ਚੋਣ ਪ੍ਰਚਾਰ ਨਹੀਂ ਕਰਨਗੇ।
ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਰਮਿੰਦਰ ਨੂੰ ਚੋਣ ਨਾ ਲੜਨ ਦੀ ਸਲਾਹ ਦਿੱਤੀ ਹੈ। ਜਕੇਰ ਫਿਰ ਵੀ ਪਰਮਿੰਦਰ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਸੰਗਰੂਰ ਜ਼ਿਲ੍ਹੇ ਵਿੱਚ ਢੀਂਡਸਾ ਪਰਿਵਾਰ ਦਾ ਚੰਗਾ ਪ੍ਰਭਾਵ ਹੈ। ਇਸ ਲਈ ਸੁਖਦੇਵ ਸਿੰਘ ਢੀਂਡਸਾ ਦੇ ਬਾਗੀ ਸੁਰ ਸ਼੍ਰੋਮਣੀ ਅਕਾਲੀ ਦਲ ਲਈ ਖਤਰੇ ਦੇ ਸੰਕੇਤ ਹਨ। ਉਨ੍ਹਾਂ ਦੇ ਬਾਗੀ ਤੇਵਰਾਂ ਕਰਕੇ ਟਕਸਾਲੀ ਪਰਿਵਾਰਾਂ ਨੇ ਵੀ ਅਕਾਲੀ ਦਲ ਤੋਂ ਦੂਰੀ ਬਣਾਈ ਹੋਈ ਹੈ।
ਦਿਲਚਸਪ ਗੱਲ਼ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੁਣ ਬਾਦਲ ਪਰਿਵਾਰ ਖਿਲਾਫ ਹੋਰ ਖੁੱਲ੍ਹ ਕੇ ਬੋਲਣ ਲੱਗੇ ਹਨ। ਇਸ ਦੀ ਮਿਸਾਲ ਸੋਮਵਾਰ ਨੂੰ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪੰਦਰਵੀਂ ਬਰਸੀ ਮੌਕੇ ਵੇਖਣ ਨੂੰ ਮਿਲੀ। ਢੀਂਡਸਾ ਨੇ ਮਰਹੂਮ ਟੌਹੜਾ ਨੂੰ ਪ੍ਰਕਾਸ਼ ਸਿੰਘ ਬਾਦਲ ਵੱਲੋਂ 1998-99 ਦੌਰਾਨ ਪਾਰਟੀ ’ਚੋਂ ਕੱਢੇ ਜਾਣ ਦੇ ਪੋਤੜੇ ਫਰੋਲਦਿਆਂ ਆਖਿਆ ਕਿ ਮਹਿਜ਼ ਇੱਕ ਬਿਆਨ ਕਾਰਨ ਟੌਹੜਾ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ।
ਢੀਂਡਸਾ ਨੇ ਕਿਹਾ ਕਿ ਟੌਹੜਾ ਨੇ ਪੰਜਾਬ ਤੇ ਪੰਥ ਦੇ ਵਡੇਰੇ ਹਿੱਤਾਂ ਲਈ ਸਿਰਫ਼ ਇਹੋ ਆਵਾਜ਼ ਬੁਲੰਦ ਕੀਤੀ ਸੀ ਕਿ ਮੁੱਖ ਮੰਤਰੀ ਦੀ ਹੈਸੀਅਤ ’ਚ ਕੰਮ ਦੇ ਵੱਧ ਬੋਝ ਕਾਰਨ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਬਣਾ ਲਿਆ ਜਾਵੇ ਤਾਂ ਬਿਹਤਰ ਹੋਵੇਗਾ। ਬਾਦਲ ਨੇ ਟੌਹੜਾ ਦੀ ਗੱਲ ਵਿਚਾਰਨ ਦੀ ਥਾਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ।
ਢੀਂਡਸਾ ਨੇ ਦੱਸਿਆ ਕਿ ਬਾਦਲ ਨੇ ਟੌਹੜਾ ਦੇ ਇਸ ਬਿਆਨ ਸਬੰਧੀ ਫ਼ੈਸਲਾ ਲੈਣ ਲਈ ਉਨ੍ਹਾਂ ਨੂੰ ਦਿੱਲੀ ਫੋਨ ਕਰਕੇ ਤੁਰੰਤ ਆਉਣ ਲਈ ਕਿਹਾ ਸੀ ਪਰ ਉਹ ਰਾਜ ਸਭਾ ਦੇ ਰੁਝੇਵੇਂ ਕਾਰਨ ਨਹੀਂ ਆਏ। ਉਨ੍ਹਾਂ ਨੇ ਬਾਦਲ ਨੂੰ ਕਾਹਲੀ ’ਚ ਫ਼ੈਸਲਾ ਨਾ ਲੈਣ ਦੀ ਸਲਾਹ ਵੀ ਦਿੱਤੀ ਸੀ ਪਰ ਉਨ੍ਹਾਂ ਦੇ ਦਿੱਲੀ ਤੋਂ ਪਰਤਣ ਤੱਕ ਟੌਹੜਾ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ।