ਧਰੁਵ ਰਾਠੀ ਨੇ ਐਤਵਾਰ ਰਾਤ ਨੂੰ 'ਬੰਦਾ ਸਿੰਘ ਬਹਾਦਰ ਦੀ ਕਹਾਣੀ' 'ਤੇ ਵੀਡੀਓ ਅਪਲੋਡ ਕੀਤਾ। ਇਸ ਵੀਡੀਓ ਵਿੱਚ, ਉਸਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਦੇ ਹੋਏ ਸਿੱਖ ਗੁਰੂਆਂ, ਸ਼ਹੀਦ ਯੋਧਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਐਨੀਮੇਸ਼ਨ ਚਲਾਏ ਜਿਸ ਤੋਂ ਬਾਅਦ ਇਸ ਵੀਡੀਓ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਮੁਆਫ਼ੀ ਦੀ ਮੰਗ ਕੀਤੀ ਹੈ।
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਿੱਖ ਗੁਰੂ ਸਾਹਿਬਾਨ ਜੀ ਦੀ ਨਕਲ ਕਰਨਾ ਜਾਂ ਉਨ੍ਹਾਂ ਦਾ ਕੋਈ ਨਾਟਕੀ ਰੂਪ ਤਿਆਰ ਕਰਨਾ ਸਿੱਖ ਧਰਮ ਵਿੱਚ ਬਿਲਕੁੱਲ ਸਪੱਸ਼ਟ ਮਨਾਹੀ ਹੈ, ਪਰ ਕੁੱਝ ਲੋਕ ਜਾਣਬੁੱਝ ਕੇ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਨਾਲ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਇੱਕ ਯੂ ਟਿਊਬਰ dhruv rathee ਨੇ AI ਦੀ ਵਰਤੋਂ ਕਰਕੇ Guru Sahib Ji ਦੀਆਂ ਤਸਵੀਰਾਂ ਜਾਂ ਵੀਡੀਓਜ਼ ਬਣਾਈਆਂ ਹਨ, ਜਿਸ ਤੇ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਇਹ ਸਿੱਖ ਪਰੰਪਰਾਵਾਂ ਅਤੇ ਭਾਵਨਾਵਾਂ ਦਾ ਸਿੱਧਾ ਉਲੰਘਣ ਹੈ।
ਇਸ ਵੀਡੀਓਜ਼ ਵਿੱਚ ਜਿੱਥੇ ਗੁਰੂ ਸਾਹਿਬਾਨ ਦਾ ਨਾਟਕੀ ਰੂਪ ਤਿਆਰ ਕੀਤਾ ਗਿਆ ਉੱਥੇ ਹੀ ਸਿੱਖ ਇਤਿਹਾਸ ਨਾਲ ਵੱਡੀ ਛੇੜਛਾੜ ਕਰਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਤੇ ਸਿੱਖ ਮਰਿਆਦਾ ਤੇ ਪਵਿੱਤਰ ਗੁਰੂ ਸਾਹਿਬਾਨਾਂ ਪ੍ਰਤੀ ਸਨਮਾਨ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਗਿਆ, ਇਹ ਸਿੱਧੇ ਤੌਰ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਹਮਲਾ ਹੈ, ਜੋ ਬਰਦਾਸ਼ਤਯੋਗ ਨਹੀਂ ਹੈ।
dhruv rathee ਨੂੰ ਤੁਰੰਤ ਇਸ ਵੀਡੀਓ ਹਟਾ ਕੇ ਪੂਰੀ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਡੀਜੀਪੀ, ਪੰਜਾਬ ਪੁਲਿਸ ਤੇ ਸਾਈਬਰ ਯੂਨਿਟ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਸਿੱਖ ਭਾਵਨਾਵਾਂ ਉੱਤੇ ਸਿੱਧਾ ਹਮਲਾ ਹੈ।
ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਲੀਡਰਸ਼ਿਪ ਨੂੰ ਅਪੀਲ ਕਰਦੇ ਹਾਂ ਕਿ ਜਾਗੋ ਤੇ ਸਖ਼ਤ ਕਾਰਵਾਈ ਕਰੋ। ਜਿਵੇਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਹਾ ਜਾ ਚੁੱਕਿਆ ਹੈ , ਬਿਨਾਂ ਇਜਾਜ਼ਤ ਕਿਸੇ ਨੂੰ ਵੀ AI ਰਾਹੀਂ ਗੁਰੂ ਸਾਹਿਬ ਦੀ ਤਸਵੀਰ ਜਾਂ ਵਿਡੀਓ ਬਣਾਉਣ ਦੀ ਇਜਾਜ਼ਤ ਨਹੀਂ ਹੈ। Dhruv rathee ਸ਼ਹਾਦਤਾਂ ਭਰਿਆ ਸਿੱਖ ਇਤਿਹਾਸ ਸਾਡੀ ਪਵਿੱਤਰ ਵਿਰਾਸਤ ਹੈ—ਇਹ ਤੁਹਾਡੇ ਵਿਉਜ਼ ਲੈਣ ਵਾਲੀ ਸਮੱਗਰੀ ਨਹੀਂ।