Amritpal Singh News: ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 'ਵਾਰਿਸ ਪੰਜਾਬ ਦੇ' ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਆਖਰ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ। ਜੇਲ੍ਹ ਪ੍ਰਸ਼ਾਸਨ ਨੇ ਤੰਬਾਕੂ ਦਾ ਸੇਵਨ ਕਰਨ ਵਾਲੇ ਰਸੋਈਏ ਨੂੰ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਸਾਰਿਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸਾਰੇ ਕੈਦੀਆਂ ਨੂੰ ਘਰ ਗੱਲ ਕਰਨ ਲਈ ਫ਼ੋਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।


ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਵੇਂ ਜੇਲ੍ਹ ਵਿੱਚ ਬੰਦ ਸਾਰੇ ਕੈਦੀਆਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪਰ ਪੰਜਾਬ ਤੋਂ ਐਨਐਸਏ ਅਧੀਨ ਕੈਦੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਜੋ ਮੈਡੀਕਲ ਸਹੂਲਤਾਂ ਚਾਹੀਦੀਆਂ ਹਨ, ਉਹ ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਭਰੋਸੇ ਤੋਂ ਬਾਅਦ ਸਾਰਿਆਂ ਨੇ 24 ਘੰਟੇ ਬਾਅਦ ਭੁੱਖ ਹੜਤਾਲ ਖਤਮ ਕਰ ਦਿੱਤੀ।


ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹਰ 15 ਦਿਨਾਂ ਬਾਅਦ ਮੁਲਾਕਾਤ ਲਈ ਨਹੀਂ ਆ ਸਕਦੇ ਕਿਉਂਕਿ ਉਹ ਸਾਰੇ ਆਰਥਿਕ ਤੌਰ ’ਤੇ ਇੰਨੇ ਸਮਰਥ ਨਹੀਂ। ਪੰਜਾਬ ਤੋਂ ਡਿਬਰੂਗੜ੍ਹ ਆਉਣ ਲਈ ਸਿਰਫ ਇੱਕ ਫੇਰੀ ਦਾ ਖਰਚਾ ਕਰੀਬ 20 ਤੋਂ 25 ਹਜ਼ਾਰ ਰੁਪਏ ਆਉਂਦਾ ਹੈ। ਇਸ ਲਈ ਉਹ ਇੰਨੇ ਪੈਸੇ ਖਰਚ ਕਰਨ ਦੇ ਸਮਰੱਥ ਨਹੀਂ। ਇਸ ਲਈ ਕੈਦੀਆਂ ਦੇ ਅਧਿਕਾਰਾਂ ਤਹਿਤ ਹਰ ਕਿਸੇ ਨੂੰ ਘਰ ਗੱਲ ਕਰਨ ਲਈ ਫ਼ੋਨ ਦੀ ਸਹੂਲਤ ਦਿੱਤੀ ਜਾਵੇ।


ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਦੇ ਰਸੋਈਏ 'ਤੇ ਵੀ ਸਵਾਲ ਖੜ੍ਹੇ ਕੀਤੇ ਸਨ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ। ਉਨ੍ਹਾਂ ਦੇ ਧਰਮ ਵਿੱਚ ਤੰਬਾਕੂ ਦੀ ਵਰਤੋਂ ਦੀ ਮਨਾਹੀ ਹੈ ਪਰ ਜੇਲ੍ਹ ਵਿੱਚ ਉਨ੍ਹਾਂ ਦਾ ਰਸੋਈਆ ਤੰਬਾਕੂ ਦੀ ਵਰਤੋਂ ਕਰਕੇ ਖਾਣਾ ਬਣਾਉਂਦਾ ਹੈ। ਇਹ ਉਨ੍ਹਾਂ ਦੀ ਮਰਿਆਦਾ ਦੇ ਵਿਰੁੱਧ ਹੈ ਤੇ ਉਹ ਅਜਿਹੇ ਵਿਅਕਤੀ ਦੁਆਰਾ ਤਿਆਰ ਭੋਜਨ ਨਹੀਂ ਖਾ ਸਕਦੇ ਹਨ। ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਤੋਂ ਚੰਗੀਆਂ ਡਾਕਟਰੀ ਸਹੂਲਤਾਂ ਦੀ ਵੀ ਮੰਗ ਕੀਤੀ ਗਈ ਸੀ।


ਇਹ ਵੀ ਪੜ੍ਹੋ: ਪੰਜਾਬ 'ਚ ਮੌਨਸੂਨ ਸੁਸਤ! ਹੁੰਮਸ ਦਾ ਕਹਿਰ, ਪਾਰਾ ਚੜ੍ਹਿਆ, ਹੁਣ ਬੁੱਧਵਾਰ ਨੂੰ ਮਿਲੇਗੀ ਰਾਹਤ