Punjab News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਭੁੱਖ ਹੜਤਾਲ 'ਤੇ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਲੈ ਕੇ ਡਿਬਰੂਗੜ੍ਹ ਜੇਲ੍ਹ ਦੇ ਅਧਿਕਾਰੀਆਂ ਦਾ ਬਿਆਨ ਵੀ ਆਇਆ ਹੈ। ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਭੁੱਖ ਹੜਤਾਲ 'ਤੇ ਨਹੀਂ ਹਨ। ਦੱਸ ਦਈਏ ਕਿ ਕਿ ਜਦੋਂ ਤੋਂ ਅਮ੍ਰਿਤਪਾਲ ਅਤੇ ਹੋਰ ਸਿੱਖਾਂ ਨੂੰ ਜੇਲ੍ਹ ਦੇ ਖਾਣੇ ਵਿੱਚ ਤੰਬਾਕੂ ਦੇਣ ਦੀ ਗੱਲ ਸਾਹਮਣੇ ਆਈ ਹੈ ਤਾਂ ਵਿਰੋਧ ਦੀਆਂ ਆਵਾਜ਼ਾਂ ਵੀ ਉੱਠਣ ਲੱਗ ਪਈਆਂ ਹਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਨਿਖੇਧੀ ਕੀਤੀ ਹੈ।
ਅੰਮ੍ਰਿਤਪਾਲ ਦੇ ਪਿਤਾ ਦਾ ਆਇਆ ਬਿਆਨ
ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਅਤੇ ਹੋਰ ਸਿੱਖਾਂ ਨੂੰ ਜੇਲ੍ਹ ਵਿੱਚ ਟੈਲੀਫੋਨ ਦੀ ਸਹੂਲਤ ਨਹੀਂ ਮਿਲ ਰਹੀ। ਉਸ ਨੂੰ ਵਾਰ-ਵਾਰ ਮਿਲਣ ਲਈ ਕਾਫੀ ਖਰਚਾ ਆਉਂਦਾ ਹੈ। ਜੇ ਉਸ ਨੂੰ ਟੈਲੀਫੋਨ 'ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਅਸੀਂ ਉਸ ਦੀ ਸਿਹਤ ਬਾਰੇ ਵੀ ਜਾਣ ਸਕਾਂਗੇ। ਇਸ ਦੇ ਨਾਲ ਹੀ ਜੇਲ੍ਹ ਵਿੱਚ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਖਾਣਾ ਵੀ ਠੀਕ ਨਹੀਂ ਹੈ ਅਤੇ ਉਨ੍ਹਾਂ ਦਾ ਇਲਾਜ ਵੀ ਨਹੀਂ ਹੋ ਰਿਹਾ ਹੈ। ਅੰਮ੍ਰਿਤਪਾਲ ਦੇ ਪਿਤਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੇਲ੍ਹ ਵਿੱਚ ਬੰਦ ਬਾਕੀ ਕੈਦੀਆਂ ਵਾਂਗ ਉਨ੍ਹਾਂ ਦੇ ਪੁੱਤਰ ਅੰਮ੍ਰਿਤਪਾਲ ਅਤੇ ਹੋਰ ਕੈਦੀਆਂ ਨੂੰ ਸਹੂਲਤਾਂ ਦਿੱਤੀਆਂ ਜਾਣ।
ਅੰਮ੍ਰਿਤਪਾਲ ਸਿੰਘ ਦੀ ਪਤਨੀ ਨੇ ਦਿੱਤੀ ਸੀ ਜਾਣਕਾਰੀ
ਜ਼ਿਕਰ ਕਰ ਦਈਏ ਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਦਾ ਕਹਿਣਾ ਸੀ ਕਿ ਜਦੋਂ ਵੀ ਉਹ ਅੰਮ੍ਰਿਤਪਾਲ ਨੂੰ ਮਿਲਣ ਜਾਂਦੀ ਹੈ ਤਾਂ ਉਸ ਨੂੰ 20-25 ਹਜ਼ਾਰ ਰੁਪਏ ਖਰਚਣੇ ਪੈਂਦੇ ਹਨ। ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਫੋਨ 'ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਅਸੀਂ ਫੋਨ 'ਤੇ ਹੀ ਉਨ੍ਹਾਂ ਦਾ ਹਾਲ-ਚਾਲ ਜਾਣ ਸਕੀਏ। ਕਿਉਂਕਿ ਹਰ ਪਰਿਵਾਰ ਇਹ ਖਰਚਾ ਨਹੀਂ ਚੁੱਕ ਸਕਦਾ। ਦੂਸਰਾ ਕਿਰਨਦੀਪ ਕੌਰ ਨੇ ਜੇਲ੍ਹ ਵਿੱਚ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਤੰਬਾਕੂ ਦੇਣ ਦੀ ਗੱਲ ਵੀ ਕਹੀ ਸੀ। ਕਿਰਨਦੀਪ ਕੌਰ ਨੇ ਦੱਸਿਆ ਸੀ ਕਿ ਜੇਲ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਕੋਈ ਨਹੀਂ ਸਮਝਦਾ, ਜਿਸ ਕਾਰਨ ਜੇਲ੍ਹ ਵਿੱਚ ਬੰਦ ਸਿੱਖਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।