Mohali News: ਪਰਵਾਸੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿੱਚ ਜ਼ਖ਼ਮੀ ਦਿਲਪ੍ਰੀਤ ਸਿੰਘ (16) ਦੀ ਵੀ ਮੌਤ ਹੋਣ ਮਗਰੋਂ ਮੁਹਾਲੀ ਦੇ ਸੈਕਟਰ-68 ਵਿੱਚ ਮੁੜ ਮਾਹੌਲ ਤਣਾਅ ਵਾਲਾ ਬਣ ਗਿਆ ਹੈ। ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੈ। ਪਿੰਡ ਕੁੰਭੜਾ 'ਚ ਪੁਲਿਸ ਅਲਰਟ ਮੋਡ 'ਤੇ ਹੈ। ਸਾਵਧਾਨੀ ਦੇ ਤੌਰ 'ਤੇ ਪੁਲਿਸ ਕੁੰਭੜਾ ਤੇ ਏਅਰਪੋਰਟ ਰੋਡ 'ਤੇ ਨਜ਼ਰ ਰੱਖ ਰਹੀ ਹੈ। 250 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀ ਵੀ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।
ਦੱਸ ਦਈਏ ਕਿ ਮੁਹਾਲੀ ਦੇ ਸੈਕਟਰ-68 (ਪਿੰਡ ਕੁੰਭੜਾ) ਵਿੱਚ ਪਿਛਲੇ ਦਿਨੀਂ ਪਰਵਾਸੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਿੱਚ ਜ਼ਖ਼ਮੀ ਹੋਏ ਦਿਲਪ੍ਰੀਤ ਸਿੰਘ (16) ਨੇ ਵੀ ਵੀਰਵਾਰ ਸ਼ਾਮ ਪੀਜੀਆਈ ਵਿੱਚ ਦਮ ਤੋੜ ਦਿੱਤਾ, ਜਦੋਂਕਿ ਉਸ ਦੇ ਦੋਸਤ ਦਮਨਪ੍ਰੀਤ ਸਿੰਘ (17) ਦੀ ਘਟਨਾ ਵਾਲੇ ਦਿਨ 13 ਨਵੰਬਰ ਨੂੰ ਹੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਪਰ ਦੋ ਹਾਲੇ ਫ਼ਰਾਰ ਹਨ। ਸਾਰੇ ਹਮਲਾਵਰ ਕੁੰਭੜਾ ਦੇ ਪੀਜੀ ਵਿੱਚ ਰਹਿੰਦੇ ਸਨ।
ਵੀਰਵਾਰ ਸ਼ਾਮ ਨੂੰ ਜਿਵੇਂ ਹੀ ਦਿਲਪ੍ਰੀਤ ਸਿੰਘ ਦੀ ਮੌਤ ਦਾ ਪਤਾ ਲੱਗਿਆ ਤਾਂ ਪਿੰਡ ਕੁੰਭੜਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਕੁੰਭੜਾ ਦੇ ਐਂਟਰੀ ਪੁਆਇੰਟਾਂ ਤੇ ਮੁਹੱਲੇ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਹਨ। ਯਾਦ ਰਹੇ 14 ਨਵੰਬਰ ਨੂੰ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਦਮਨਪ੍ਰੀਤ ਦੀ ਲਾਸ਼ ਏਅਰਪੋਰਟ ਸੜਕ ’ਤੇ ਰੱਖ ਕੇ ਤਿੰਨ ਦਿਨ ਆਵਾਜਾਈ ਜਾਮ ਰੱਖੀ ਸੀ। ਪੰਜ ਮੁਲਜ਼ਮ ਫੜੇ ਜਾਣ ਤੋਂ ਬਾਅਦ ਧਰਨਾ ਚੁੱਕਿਆ ਗਿਆ ਸੀ।
ਡੀਐਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕੁੰਭੜਾ ਵਿੱਚ ਚੌਕਸੀ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪੀਜੀਆਈ ਵਿੱਚ ਹੀ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਉਪਰੰਤ ਪਰਿਵਾਰ ਵੱਲੋਂ ਸਸਕਾਰ ਕੀਤਾ ਜਾਵੇਗਾ।ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਸਰਕਾਰ ਤੋਂ ਮ੍ਰਿਤਕਾਂ ਦੇ ਵਾਰਸਾਂ ਨੂੰ 25-25 ਲੱਖ ਰੁਪਏ ਮੁਆਵਜ਼ਾ ਦੇਣ ਤੇ ਪੀੜਤ ਪਰਿਵਾਰਾਂ ਦੇ 1-1 ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।