Punjab Politics: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਡਿੰਪੀ ਢਿੱਲੋਂ ਨੇ ਬੀਤੇ ਦਿਨ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਕੀਤੀ ਤੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ।  ਡਿੰਪੀ ਢਿੱਲੋਂ ਨੇ ਕਿਹਾ ਕਿ ਜੇ ਸੀਐਮ ਭਗਵੰਤ ਮਾਨ ਜਾਂ ਉਨ੍ਹਾਂ ਦਾ ਕੋਈ ਜ਼ਿੰਮੇਵਾਰ ਵਿਅਕਤੀ ਆਉਂਦਾ ਹੈ ਤਾਂ ਉਹ ਉਨ੍ਹਾਂ ਨਾਲ ਮੀਟਿੰਗ ਕਰਨਗੇ। ਆਪਣੀਆਂ ਸਾਰੀਆਂ ਮੰਗਾਂ ਰੱਖਣਗੇ। ਜੇ ਸਰਕਾਰ ਮੰਗਾਂ ਮੰਨਣ ਲਈ ਤਿਆਰ ਹੈ ਤਾਂ ਅਸੀਂ ਪਾਰਟੀ ਦਾ ਸਾਥ ਦੇਵਾਂਗੇ।



ਸੁਖਬੀਰ ਬਾਦਲ ਨੇ ਵੀ ਸਾਂਭਿਆ ਮੋਰਚਾ


ਦੂਜੇ ਪਾਸੇ ਡਿੰਪੀ ਵੱਲੋਂ ਪਾਰਟੀ ਛੱਡਣ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਮੋਰਚਾ ਸੰਭਾਲ ਲਿਆ ਹੈ। ਅੱਜ ਉਹ ਆਪਣੀ ਰਿਹਾਇਸ਼ 'ਤੇ ਗਿੱਦੜਬਾਹਾ ਦੇ ਅਕਾਲੀ ਆਗੂਆਂ ਦੀ ਮੀਟਿੰਗ ਕਰਨ ਜਾ ਰਹੇ ਹਨ। ਮੀਟਿੰਗ ਲਈ ਵੱਡੀ ਗਿਣਤੀ ਵਿੱਚ ਸਮਰਥਕ ਪੁੱਜਣੇ ਸ਼ੁਰੂ ਹੋ ਗਏ ਹਨ। 


ਅਕਾਲੀ ਦਲ ਛੱਡਣ ਪਿੱਛੇ ਮਨਪ੍ਰੀਤ ਬਾਦਲ ਬਣੇ ਵਜ੍ਹਾ ?


ਜ਼ਿਕਰ ਕਰ ਦਈਏ ਕਿ ਡਿੰਪੀ ਢਿੱਲੋਂ ਨੇ ਪਾਰਟੀ ਛੱਡਣ ਪਿੱਛੇ ਮਨਪ੍ਰੀਤ ਬਾਦਲ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਰਗੇ ਸਿਰਫ ਵਰਤਣ ਲਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਜਿਸ ਤੋਂ ਬਾਅਦ ਪਾਰਟੀ ਬਾਦਲ ਨੂੰ ਉੱਥੋਂ ਉਮੀਦਵਾਰ ਬਣਾਏਗੀ।


ਅਕਾਲੀ ਦਲ ਨੇ ਫ਼ੈਸਲਾ ਵਾਪਸ ਲੈਣ ਦੀ ਕੀਤੀ ਅਪੀਲ 


ਦੂਜੇ ਪਾਸੇ ਅਕਾਲੀ ਆਗੂਆਂ ਨੇ ਡਿੰਪੀ ਢਿੱਲੋਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਏ ਤਾਂ ਉਨ੍ਹਾਂ ਨੂੰ ਪਾਰਟੀ ਟਿਕਟ ਕਿਵੇਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਪਾਰਟੀ ਦੇ ਸਮਰਥਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।


ਗਿੱਦੜਬਾਹਾ ਸੀਟ ਦਾ ਸਿਆਸੀ ਇਤਿਹਾਸ 


ਗਿੱਦੜਬਾਹਾ ਸੀਟ 1967 ਵਿੱਚ ਬਣੀ ਸੀ। ਇੱਥੋਂ ਪਹਿਲੀ ਚੋਣ ਕਾਂਗਰਸੀ ਆਗੂ ਹਰਚਰਨ ਸਿੰਘ ਬਰਾੜ ਨੇ ਜਿੱਤੀ ਸੀ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1969, 72, 77, 80 ਅਤੇ 85 ਵਿੱਚ ਲਗਾਤਾਰ ਪੰਜ ਵਾਰ ਇਸ ਸੀਟ ਤੋਂ ਜਿੱਤੇ ਸਨ। ਕਾਂਗਰਸ ਆਗੂ ਰਘੁਬੀਰ ਸਿੰਘ 1992 ਵਿੱਚ ਜਿੱਤੇ ਸਨ। ਇਸ ਤੋਂ ਬਾਅਦ ਮਨਪ੍ਰੀਤ ਬਾਦਲ 1995, 97, 2002 ਅਤੇ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸੀਟ ਜਿੱਤਦੇ ਰਹੇ। ਜਦੋਂਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸੀਟ ਤੋਂ 2012, 2017 ਅਤੇ 2022 ਵਿੱਚ ਜਿੱਤ ਚੁੱਕੇ ਹਨ ਪਰ ਹੁਣ ਉਹ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੇ ਇਸ ਸੀਟ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਕਾਰਨ ਇਹ ਸੀਟ ਖਾਲੀ ਹੋ ਗਈ ਹੈ।