Punjab News: ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ ਤੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਲਈ ਮੁਸੀਬਤ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਗਿੱਦੜਬਾਹਾ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ।
ਚਰਚਾ ਸੀ ਕਿ ਉਹ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਖੁਸ਼ ਨਹੀਂ ਹਨ। ਸੂਤਰਾਂ ਦੀ ਮੰਨੀਏ ਤਾਂ ਉਹ ਲਗਾਤਾਰ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਨਾਲ ਨਜ਼ਰ ਆ ਰਹੇ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ ਜਿਸ ਕਰਕੇ ਉਹ ਨਾਰਾਜ਼ ਸਨ
ਗਿੱਦੜਬਾਹਾ ਸੀਟ 'ਤੇ ਡਿੰਪੀ ਢਿੱਲੋਂ ਦੀ ਚੰਗੀ ਪਕੜ ਹੈ, ਜਦੋਂ ਕਿ 2022 ਵਿੱਚ ਪੂਰੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਸੀ। ਪਰ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਸੀ। ਇਸ ਦੌਰਾਨ ਰਾਜਾ ਵੜਿੰਗ ਨੂੰ 50998 ਵੋਟਾਂ ਪਈਆਂ ਤੇ ਜਦੋਂ ਕਿ ਡਿੰਪੀ ਨੂੰ 49649 ਵੋਟਾਂ ਮਿਲੀਆਂ। ਦੋਵਾਂ ਵਿਚਾਲੇ ਜਿੱਤ ਦਾ ਫਰਕ 1349 ਵੋਟਾਂ ਦਾ ਰਿਹਾ। ਅਜਿਹੇ 'ਚ ਡਿੰਪੀ ਢਿੱਲੋਂ ਆਪਣੇ ਆਪ ਨੂੰ ਇਸ ਸੀਟ ਲਈ ਕਾਫੀ ਮਜ਼ਬੂਤ ਦਾਅਵੇਦਾਰ ਮੰਨਦੇ ਹਨ।
ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਵਿੱਚ ਕਿੰਨੀ ਸੱਚਾਈ ਹੈ, ਇਹ ਤਾਂ ਡਿੰਪੀ ਢਿੱਲੋਂ ਹੀ ਦੱਸ ਸਕਦੇ ਹਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਦਾ ਪਾਰਟੀ ਨੂੰ ਅਲਵਿਦਾ ਕਹਿਣਾ ਬਾਦਲ ਪਰਿਵਾਰ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ।
ਗਿੱਦੜਬਾਹਾ ਸੀਟ ਦਾ ਸਿਆਸੀ ਇਤਿਹਾਸ
ਗਿੱਦੜਬਾਹਾ ਸੀਟ 1967 ਵਿੱਚ ਬਣੀ ਸੀ। ਇੱਥੋਂ ਪਹਿਲੀ ਚੋਣ ਕਾਂਗਰਸੀ ਆਗੂ ਹਰਚਰਨ ਸਿੰਘ ਬਰਾੜ ਨੇ ਜਿੱਤੀ ਸੀ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1969, 72, 77, 80 ਅਤੇ 85 ਵਿੱਚ ਲਗਾਤਾਰ ਪੰਜ ਵਾਰ ਇਸ ਸੀਟ ਤੋਂ ਜਿੱਤੇ ਸਨ। ਕਾਂਗਰਸ ਆਗੂ ਰਘੁਬੀਰ ਸਿੰਘ 1992 ਵਿੱਚ ਜਿੱਤੇ ਸਨ। ਇਸ ਤੋਂ ਬਾਅਦ ਮਨਪ੍ਰੀਤ ਬਾਦਲ 1995, 97, 2002 ਅਤੇ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸੀਟ ਜਿੱਤਦੇ ਰਹੇ। ਜਦੋਂਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸੀਟ ਤੋਂ 2012, 2017 ਅਤੇ 2022 ਵਿੱਚ ਜਿੱਤ ਚੁੱਕੇ ਹਨ ਪਰ ਹੁਣ ਉਹ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੇ ਇਸ ਸੀਟ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਕਾਰਨ ਇਹ ਸੀਟ ਖਾਲੀ ਹੋ ਗਈ ਹੈ।