Dimpy Dhillon will join AAP: ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਸੁਖਬੀਰ ਬਾਦਲ ਦੇ ਨਜ਼ਦੀਕੀ ਤੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਸੀਐਮ ਭਗਵੰਤ ਮਾਨ ਖੁਦ ਗਿੱਦੜਬਾਹਾ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ। 



ਸੂਤਰਾਂ ਮੁਤਾਬਕ ਇਸ ਲਈ ਗਿੱਦੜਬਾਹਾ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ। ਇਹ ਵੀ ਉਮੀਦ ਹੈ ਕਿ ਪਾਰਟੀ ਡਿੰਪੀ ਢਿੱਲੋਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੀ ਗਿੱਦੜਬਾਹਾ ਫੇਰੀ ਕਾਰਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।


ਦੱਸ ਦਈਏ ਕਿ ਅਕਾਲੀ ਦਲ ਛੱਡਣ ਸਮੇਂ ਡਿੰਪੀ ਢਿੱਲੋਂ ਨੇ ਸਪੱਸ਼ਟ ਕੀਤਾ ਸੀ ਕਿ ਉਹ ਮਨਪ੍ਰੀਤ ਬਾਦਲ ਕਾਰਨ ਪਾਰਟੀ ਛੱਡ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਸੀ ਕਿ ਭਾਵੇਂ ਮਨਪ੍ਰੀਤ ਬਾਦਲ ਬੀਜੇਪੀ ਵਿੱਚ ਚਲੇ ਗਏ ਹਨ ਪਰ ਜਦੋਂ ਵੀ ਉਹ ਇਲਾਕੇ ਦਾ ਦੌਰਾ ਕਰਦੇ ਹਨ ਤਾਂ ਕਹਿੰਦੇ ਹਨ ਕਿ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਬੰਧ ਬਹੁਤ ਚੰਗੇ ਹਨ। ਇਹ ਦੋਵੇਂ ਘਿਓ- ਖਿਚੜੀ ਵਾਂਗ ਹਨ। ਅਜਿਹੇ 'ਚ ਵਰਕਰ ਵੀ ਭੰਬਲਭੂਸੇ 'ਚ ਹਨ। 


ਉਨ੍ਹਾਂ ਸੁਖਬੀਰ ਬਾਦਲ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਵੀ ਕਿਹਾ ਸੀ ਪਰ ਉਹ ਕੁਝ ਨਹੀਂ ਦੱਸ ਰਹੇ ਸੀ। ਨਾ ਤਾਂ ਉਹ ਉਥੋਂ ਚੋਣ ਲੜਨ ਦੀ ਗੱਲ ਕਰ ਰਹੇ ਸਨ ਤੇ ਨਾ ਹੀ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਭਾਈ-ਭਤੀਜਾਵਾਦ ਉਨ੍ਹਾਂ ਦੀ ਦੋਸਤੀ ਉਪਰ ਭਾਰੀ ਪੈ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਕਾਰਜਕਾਲ ਅਜੇ ਦੋ ਸਾਲ ਬਾਕੀ ਹੈ। ਅਜਿਹੀ ਸਥਿਤੀ ਵਿੱਚ ਉਹ ਆਪਣੇ ਇਲਾਕੇ ਦਾ ਵਿਕਾਸ ਕਰਵਾ ਸਕਦੇ ਹਨ। ਇਸ ਲਈ ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।



ਹਾਲਾਂਕਿ, ਸੁਖਬੀਰ ਬਾਦਲ ਨੇ ਮੀਟਿੰਗ ਵਿੱਚ ਪਾਰਟੀ ਵਰਕਰਾਂ ਨੂੰ ਕਿਹਾ ਸੀ ਕਿ ਉਹ ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਤੋਂ ਦੁਖੀ ਹਨ। ਉਨ੍ਹਾਂ ਨੇ ਡਿੰਪੀ ਨੂੰ ਵਾਪਸ ਆਉਣ ਲਈ ਵੀ ਕਿਹਾ ਸੀ। ਉਨ੍ਹਾਂ ਨੇ ਡਿੰਪੀ ਨੂੰ ਪਾਰਟੀ 'ਚ ਵਾਪਸੀ ਲਈ 10 ਦਿਨ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਕਿ ਸੀ ਕਿ ਉਹ ਉਨ੍ਹਾਂ ਨੂੰ ਉਮੀਦਵਾਰ ਐਲਾਨ ਦੇਣਗੇ।